India International

ਕੈਨੇਡਾ ’ਚ 16 ਖਿਡਾਰੀ ਕੁਚਲਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਦੇਸ਼ ਨਿਕਾਲਾ, ਭਾਰਤ ਹੋਏਗਾ ਡਿਪੋਰਟ

Jaskirat Singh Sidhu

ਕੈਨੇਡਾ ਵਿੱਚ ਹਮਬੋਲਟ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਨਾਲ ਜੁੜੇ ਭਿਆਨਕ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ (Jaskirat Singh Sidhu) ਨੂੰ ਸ਼ੁੱਕਰਵਾਰ ਨੂੰ ਭਾਰਤ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੀ ਸੁਣਵਾਈ ਨੇ 15 ਮਿੰਟ ਦੀ ਵਰਚੁਅਲ ਸੁਣਵਾਈ ਵਿੱਚ ਜਸਕੀਰਤ ਸਿੰਘ ਸਿੱਧੂ ਲਈ ਆਪਣਾ ਫੈਸਲਾ ਸੁਣਾਇਆ ਹੈ।

ਸਿੱਧੂ ਭਾਰਤ ਤੋਂ ਹੈ ਅਤੇ 2014 ਵਿੱਚ ਕੈਨੇਡਾ ਆਇਆ ਸੀ। ਸਸਕੈਚਵਨ ’ਚ 2018 ’ਚ ਇਕ ਬੱਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਹੋਰ ਜ਼ਖ਼ਮੀ ਹੋਏ ਸਨ। ਕੈਲਗਰੀ ਵਿੱਚ ਰਹਿਣ ਵਾਲੇ ਸਿੱਧੂ ਨੇ ਖਤਰਨਾਕ ਡਰਾਈਵਿੰਗ ਜੁਰਮ ਲਈ ਦੋਸ਼ੀ ਮੰਨਿਆ ਅਤੇ ਅੱਠ ਸਾਲ ਦੀ ਸਜ਼ਾ ਸੁਣਾਈ ਗਈ। ਉਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲੀ ਸੀ।

ਇਸ ਸਬੰਧੀ ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਹੈ ਕਿ ਇਹ ਫ਼ੈਸਲਾ ਪਹਿਲਾਂ ਤੋਂ ਲਿਆ ਗਿਆ ਸਿੱਟਾ ਸੀ ਕਿਉਂਕਿ ਸਿੱਧੂ ਨੂੰ ਡਿਪੋਰਟ ਕਰਨ ਲਈ ਸਿਰਫ਼ ਸਬੂਤ ਦੀ ਲੋੜ ਹੈ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਤੇ ਉਸ ਨੇ ਗੰਭੀਰ ਅਪਰਾਧ ਕੀਤਾ ਹੈ। ਸਿੱਧੂ ਭਾਰਤ ਤੋਂ ਹੈ ਤੇ ਕੈਨੇਡਾ ’ਚ ਸਥਾਈ ਨਿਵਾਸੀ ਹੈ।

ਸਿੱਧੂ ਦੇ ਵਕੀਲ ਨੇ ਕਿਹਾ ਕਿ ਕਈ ਹੋਰ ਕਾਨੂੰਨੀ ਪ੍ਰਕਿਰਿਆਵਾਂ ਅਜੇ ਪੈਂਡਿੰਗ ਹਨ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ’ਚ ਕਈ ਮਹੀਨੇ ਜਾਂ ਸਾਲ ਲੱਗ ਸਕਦੇ ਹਨ। ਦਸੰਬਰ ’ਚ ਫੈਡਰਲ ਅਦਾਲਤ ਨੇ ਸਿੱਧੂ ਦੇ ਵਕੀਲਾਂ ਦੀ ਇਕ ਅਪੀਲ ਨੂੰ ਰੱਦ ਕਰ ਦਿੱਤਾ ਸੀ, ਜਿਸ ’ਚ ਦਲੀਲ ਦਿੱਤੀ ਗਈ ਸੀ ਕਿ ਸਰਹੱਦੀ ਅਧਿਕਾਰੀਆਂ ਨੇ ਸਿੱਧੂ ਦੇ ਪਿਛਲੇ ਸਾਫ਼ ਅਪਰਾਧਿਕ ਰਿਕਾਰਡ ਤੇ ਪਛਤਾਵੇ ਨੂੰ ਨਹੀਂ ਮੰਨਿਆ। ਉਹ ਚਾਹੁੰਦਾ ਸੀ ਕਿ ਅਦਾਲਤ ਬਾਰਡਰ ਏਜੰਸੀ ਨੂੰ ਦੂਜੀ ਸਮੀਖਿਆ ਕਰਨ ਦਾ ਹੁਕਮ ਦੇਵੇ।

ਵਕੀਲ ਨੇ ਸ਼ੁੱਕਰਵਾਰ ਦੀ ਸੁਣਵਾਈ ਤੋਂ ਪਹਿਲਾਂ ਕਿਹਾ, ‘‘ਇਸ ਸਾਰੀ ਪ੍ਰਕਿਰਿਆ ਬਾਰੇ ਇਹ ਦੁਖਦਾਈ ਗੱਲ ਹੈ। ਅਸੀਂ ਅਜਿਹੀ ਸਥਿਤੀ ’ਚ ਫਸ ਗਏ ਹਾਂ, ਜਿਥੇ ਸਥਾਈ ਨਿਵਾਸੀਆਂ ਨੂੰ ਉਨ੍ਹਾਂ ਦੇ ਵਿਅਕਤੀਗਤ ਹਾਲਾਤ ’ਤੇ ਵਿਚਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਾਡਾ ਇਕੋ ਇਕ ਰਸਤਾ ਇਹ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਮਨੁੱਖੀ ਆਧਾਰ ’ਤੇ ਉਸ ਦਾ ਸਥਾਈ ਨਿਵਾਸੀ ਦਰਜਾ ਵਾਪਸ ਦੇਣ ਲਈ ਕਹਾਂਗੇ ਪਰ ਇਸ ਦੌਰਾਨ ਉਸ ਦੀ ਕੋਈ ਸਥਿਤੀ ਨਹੀਂ ਹੈ।’’