ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਨੀਤੀਆਂ ਕਾਰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦੀ ਘਾਟ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ, ਜਿਨ੍ਹਾਂ ਵਿੱਚ 230 ਪੰਜਾਬੀ ਹਨ। ਇਹ ਡਰਾਈਵਰ ਹੁਣ ਬੇਰੁਜ਼ਗਾਰ ਹਨ ਅਤੇ ਕਈਆਂ ਨੂੰ ਪੇਸ਼ਾ ਬਦਲਣ ਦੀ ਨੌਬਤ ਆ ਸਕਦੀ ਹੈ।
ਟ੍ਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ “ਅਮੈਰਿਕਾ ਫਸਟ” ਨੀਤੀ ਅਧੀਨ ਸੁਰੱਖਿਆ ਪਹਿਲੀ ਤਰਜੀਹ ਹੈ, ਅਤੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾਉਂਦੇ ਹਨ। ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਨੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ, ਜਿਸ ਨੂੰ ਓਬਾਮਾ ਦੇ ਕਾਰਜਕਾਲ ਵਿੱਚ ਟਾਲ ਦਿੱਤਾ ਗਿਆ।
ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਵੀ ਇਹ ਨਿਯਮ ਸਖਤੀ ਨਾਲ ਲਾਗੂ ਨਹੀਂ ਹੋਇਆ, ਪਰ ਹੁਣ ਅੰਗਰੇਜ਼ੀ ਦੀ ਸ਼ਰਤ ਕਾਰਨ ਡਰਾਈਵਰਾਂ ਨੂੰ ਪੇਸ਼ਾ ਛੱਡਣਾ ਪੈ ਰਿਹਾ ਹੈ। ਟ੍ਰਾਂਸਪੋਰਟ ਮੰਤਰਾਲੇ ਨੇ 2019 ਦੇ ਇੱਕ ਹਾਦਸੇ ਦਾ ਹਵਾਲਾ ਦਿੱਤਾ, ਜਿੱਥੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਦੀ ਲਾਪਰਵਾਹੀ ਕਾਰਨ ਚਾਰ ਜਣਿਆਂ ਦੀ ਮੌਤ ਹੋਈ।
ਅਪ੍ਰੈਲ ਵਿੱਚ ਟਰੰਪ ਦੇ ਕਾਰਜਕਾਰੀ ਹੁਕਮਾਂ ਨੇ ਅੰਗਰੇਜ਼ੀ ਨੂੰ ਲਾਜ਼ਮੀ ਕਰ ਦਿੱਤਾ, ਜਿਸ ਦੀ ਟ੍ਰਾਂਸਪੋਰਟੇਸ਼ਨ ਉਦਯੋਗ ਨੇ ਹਮਾਇਤ ਕੀਤੀ। ਪੰਜਾਬੀ ਡਰਾਈਵਰਾਂ ਲਈ ਇਹ ਨੀਤੀ ਵੱਡੀ ਚੁਣੌਤੀ ਹੈ, ਕਿਉਂਕਿ ਹਜ਼ਾਰਾਂ ਦੀ ਗੁਜ਼ਾਰਾ ਟਰੱਕ ਚਲਾਉਣ ‘ਤੇ ਨਿਰਭਰ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਡਰਾਈਵਰਾਂ ਵਿਰੁੱਧ ਕਾਰਵਾਈ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ‘ਤੇ ਬੁਰਾ ਅਸਰ ਪਵੇਗਾ।