India International Manoranjan Punjab

ਪੰਜਾਬੀ ਗਾਇਕ ਸ਼ੁਭ ਨੇ ਯੂਕੇ ਵਿੱਚ ਗੱਡੇ ਝੰਡੇ, ਮਿਲੀ ਖ਼ਾਸ ਜ਼ਿੰਮੇਵਾਰੀ

ਬਿਉਰੋ ਰਿਪੋਰਟ: ਮਕਬੂਲ ਪੰਜਾਬੀ ਗਾਇਕ ਸ਼ੁਭ ਨੂੰ ਯੂਕੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸਨੂੰ COP29 ਵਿਖੇ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ‘ਗਲੋਬਲ ਅੰਬੈਸਡਰ’ ਨਿਯੁਕਤ ਕੀਤਾ ਗਿਆ ਹੈ। ਸ਼ੁਭ ਲਗਾਤਾਰ ਆਪਣੇ ਪਲੇਟਫਾਰਮਾਂ ’ਤੇ ਜਲਵਾਯੂ ਕਾਰਵਾਈਆਂ ਦਾ ਸਮਰਥਨ ਕਰ ਰਿਹਾ ਹੈ।

ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ਉਦਘਾਟਨੀ ਗਲੋਬਲ ਅੰਬੈਸਡਰ ਵਜੋਂ ਪੰਜਾਬੀ-ਕੈਨੇਡੀਅਨ ਗਾਇਕ ਸ਼ੁਭ ਦਾ ਨਾਂ ਐਲਾਨਿਆ ਗਿਆ ਹੈ। UNFCCC ਅਤੇ ਆਰਟਸ ਹੈਲਪ ਨੇ ਇਸ ਹਫ਼ਤੇ ਬਾਕੂ, ਅਜ਼ਰਬਾਈਜਾਨ ’ਚ ਵਿਸ਼ਵਵਿਆਪੀ ਜਲਵਾਯੂ ਸੰਮੇਲਨ COP29 ’ਚ ਇਹ ਐਲਾਨ ਕੀਤਾ ਹੈ। ਗਲੋਬਲ ਅੰਬੈਸਡਰ ਵਜੋਂ ਸ਼ੁਭ ਜਾਗਰੂਕਤਾ ਪੈਦਾ ਕਰੇਗਾ ਅਤੇ ਡਿਜੀਟਲ ਕਲਾਈਮੇਟ ਲਾਇਬ੍ਰੇਰੀ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ।

ਇਸ ਬਾਰੇ ਬੋਲਦਿਆਂ ਸ਼ੁਭ ਨੇ ਕਿਹਾ ਕਿ ਉਹ ਆਪਣੇ ਪਲੇਟਫਾਰਮ ਦੀ ਵਰਤੋਂ ਕਰਕੇ ਇਸ ਮੁੱਦੇ ’ਤੇ ਧਿਆਨ ਦੇਣ, ਗਿਆਨ ਸਾਂਝਾ ਕਰਨ, ਅਤੇ ਇੱਕ ਅਜਿਹੇ ਅੰਦੋਲਨ ਦਾ ਹਿੱਸਾ ਬਣਨ ਦੀ ਉਮੀਦ ਕਰਦਾ ਹੈ, ਜੋ ਨਾ ਸਿਰਫ਼ ਸਾਡੇ ਸਾਰਿਆਂ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਿਹਤਰ ਭਵਿੱਖ ਲਿਆਵੇ। ਸ਼ੁਭ ਦਾ ਕਹਿਣਾ ਹੈ ਕਿ ਉਹ ਜਲਦ ਹੀ ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ਗਲੋਬਲ ਅੰਬੈਸਡਰ ਵਜੋਂ ਆਪਣੀ ਸ਼ਮੂਲੀਅਤ ਬਾਰੇ ਹੋਰ ਘੋਸ਼ਣਾਵਾਂ ਕਰੇਗਾ।