Manoranjan Punjab

ਪੰਜਾਬੀ ਗਾਇਕ ਰਾਜਵੀਰ ਜਵੰਦਾ ਅਜੇ ਵੀ ਵੈਂਟੀਲੇਟਰ ’ਤੇ, ਡਾਕਟਰਾਂ ਨੇ ਕਿਹਾ ਹੌਲੀ-ਹੌਲੀ ਹੋ ਰਿਹਾ ਸੁਧਾਰ

ਬਿਊਰੋ ਰਿਪੋਰਟ (ਮੁਹਾਲੀ, 29 ਸਤੰਬਰ 2025): ਹਰਿਆਣਾ ਦੇ ਪਿੰਜੌਰ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਅਜੇ ਵੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਹਨ। ਹਸਪਤਾਲ ਵੱਲੋਂ ਸੋਮਵਾਰ ਸ਼ਾਮ 4 ਵਜੇ ਜਾਰੀ ਮੈਡੀਕਲ ਬੁਲੇਟਿਨ ਵਿੱਚ ਦੱਸਿਆ ਗਿਆ ਕਿ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।

ਫੋਰਟਿਸ ਹਸਪਤਾਲ ਦੀ ਮਾਹਰ ਟੀਮ ਰਾਜਵੀਰ ਜਵੰਦਾ ਦੀ ਲਗਾਤਾਰ ਦੇਖਭਾਲ ਕਰ ਰਹੀ ਹੈ। ਇਸ ਵਿੱਚ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਦੇ ਡਾਕਟਰ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖਦੇ ਹੋਏ ਇਲਾਜ ਕਰ ਰਹੇ ਹਨ।

ਸੋਮਵਾਰ ਨੂੰ ਪੰਜਾਬੀ ਗਾਇਕ ਗਗਨ ਕੋਕਰੀ ਨੇ ਹਸਪਤਾਲ ਵਿੱਚ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਰਾਜਵੀਰ ਦੀ ਮਾਤਾ ਬਹੁਤ ਹਿੰਮਤੀ ਹਨ। ਬਚਪਨ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਹੀ ਰਾਜਵੀਰ ਨੂੰ ਸੰਭਾਲਿਆ ਹੈ।

ਗਗਨ ਕੋਕਰੀ ਨੇ ਕਿਹਾ, “ਮੈਂ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਹਸਪਤਾਲ ਗਿਆ ਸੀ। ਪਹਿਲੇ ਦਿਨ ਰਾਜਵੀਰ ਦੀ ਹਾਲਤ ਬਹੁਤ ਗੰਭੀਰ ਸੀ ਪਰ ਹੁਣ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਵੀ ਦੱਸਿਆ ਹੈ ਕਿ ਹੁਣ ਹਾਲਤ ਬਿਹਤਰ ਹੈ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਰਾਜਵੀਰ ਦੀ ਸਿਹਤ ਲਈ ਅਰਦਾਸ ਕਰੋ। ਜੋ ਵੀ ਗੁਰਦੁਆਰਾ ਸਾਹਿਬ ਜਾ ਸਕਦਾ ਹੈ, ਉਹ ਜ਼ਰੂਰ ਜਾਵੇ ਤੇ ਰਾਜਵੀਰ ਦੀ ਸਿਹਤਮੰਦੀ ਲਈ ਦੂਆ ਕਰੇ। ਇਸ ਸਮੇਂ ਦੂਆਵਾਂ ਦੀ ਬਹੁਤ ਲੋੜ ਹੈ ਤੇ ਉਮੀਦ ਹੈ ਕਿ ਰਾਜਵੀਰ ਜਲਦੀ ਠੀਕ ਹੋਵੇਗਾ।”