Punjab

ਰਾਜਵੀਰ ਜਵੰਦਾ ਦੀ ਹਾਲਤ ਬਾਰੇ ਨਵੀਂ ਰਿਪੋਰਟ: ਸਿਹਤ ’ਚ ਹੁਣ ਤੱਕ ਕੋਈ ਵੱਡਾ ਸੁਧਾਰ ਨਹੀਂ, ਹਾਲਤ ਚਿੰਤਾਜਨਕ

ਬਿਊਰੋ ਰਿਪੋਰਟ (ਮੁਹਾਲੀ, 2 ਅਕਤੂਬਰ 2025): ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹਜੇ ਵੀ ਨਾਜ਼ੁਕ ਬਣੀ ਹੋਈ ਹੈ। ਵੀਰਵਾਰ ਸ਼ਾਮ 4 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਨਵਾਂ ਬੁਲੇਟਿਨ ਜਾਰੀ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਰਾਜਵੀਰ ਇਸ ਵੇਲੇ ਵੀ ਲਾਈਫ ਸਪੋਰਟ ਸਿਸਟਮ ’ਤੇ ਹਨ ਅਤੇ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਡਾਕਟਰਾਂ ਦੇ ਅਨੁਸਾਰ, ਰਾਜਵੀਰ ਦੇ ਦਿਮਾਗ (ਨਿਊਰੋਲੌਜਿਕਲ ਸਟੇਟਸ) ਵਿੱਚ ਹੁਣ ਤੱਕ ਕੋਈ ਖ਼ਾਸ ਸੁਧਾਰ ਨਹੀਂ ਆਇਆ। ਉਨ੍ਹਾਂ ਦਾ ਦਿਲ ਠੀਕ ਤਰੀਕੇ ਨਾਲ ਕੰਮ ਕਰਦਾ ਰਹੇ, ਇਸ ਲਈ ਦਵਾਈਆਂ ਦੀ ਸਹਾਇਤਾ ਲਈ ਜਾ ਰਹੀ ਹੈ। ਡਾਕਟਰਾਂ ਨੇ ਕਿਹਾ ਹੈ ਕਿ ਇਸ ਵੇਲੇ ਉਨ੍ਹਾਂ ਦੀ ਹਾਲਤ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ।

ਇਸ ਤੋਂ ਪਹਿਲਾਂ ਹਸਪਤਾਲ ਵੱਲੋਂ ਪੰਜ ਬੁਲੇਟਿਨ ਜਾਰੀ ਕੀਤੇ ਜਾ ਚੁੱਕੇ ਹਨ ਪਰ ਕਿਸੇ ਵਿੱਚ ਵੀ ਰਾਹਤ ਦੀ ਖ਼ਬਰ ਨਹੀਂ ਮਿਲੀ। ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਦੀ ਸਿਹਤਯਾਬੀ ਲਈ ਗੁਰਦੁਆਰਿਆਂ ਵਿੱਚ ਲਗਾਤਾਰ ਅਰਦਾਸਾਂ ਹੋ ਰਹੀਆਂ ਹਨ।

ਵੀਰਵਾਰ ਨੂੰ ਵਿਰੋਧ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਈ ਕਾਂਗਰਸ ਲੀਡਰ ਰਾਜਵੀਰ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਫੋਰਟਿਸ ਹਸਪਤਾਲ ਪਹੁੰਚੇ। ਬਾਜਵਾ ਦੇ ਨਾਲ ਉਨ੍ਹਾਂ ਦੇ ਪੁੱਤਰ ਅਤੇ ਕਲਾਕਾਰ ਵਿਕਰਮ ਬਾਜਵਾ ਵੀ ਮੌਜੂਦ ਸਨ।