Manoranjan Punjab

ਪੰਜਾਬੀ ਗਾਇਕ ਰਾਜਵੀਰ ਜਵੰਦਾ ਵੈਂਟੀਲੇਟਰ ’ਤੇ, ਸਿਰ ਤੇ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟ

ਬਿਊਰੋ ਰਿਪੋਰਟ (ਮੁਹਾਲੀ, 27 ਸਤੰਬਰ 2025): ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ’ਚ ਐਕਸੀਡੈਂਟ ਹੋ ਗਿਆ। ਉਹ ਮੋਟਰਸਾਈਕਲ ਚਲਾ ਰਹੇ ਸਨ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਹਸਪਤਾਲ ਦੇ ਬਿਆਨ ਮੁਤਾਬਕ ਉਹ ਵੈਂਟੀਲੇਟਰ ’ਤੇ ਹਨ।

ਜਾਣਕਾਰੀ ਮੁਤਾਬਕ, ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਬਾਈਕ ’ਤੇ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਬਾਈਕ ਚਲਾਉਂਦੇ ਸਮੇਂ ਉਹ ਸੜਕ ’ਤੇ ਡਿੱਗ ਪਏ ਜਿਸ ਨਾਲ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਨੂੰ ਗੰਭੀਰ ਸੱਟਾਂ ਲੱਗੀਆਂ।

ਫੋਰਟਿਸ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਮੁਤਾਬਕ, ਜਵੰਦਾ ਨੂੰ 27 ਸਤੰਬਰ ਨੂੰ ਦੁਪਹਿਰ 1:45 ਵਜੇ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਿਲ ਦਾ ਦੌਰਾ ਵੀ ਪਿਆ ਸੀ। ਫੋਰਟਿਸ ਪਹੁੰਚਦੇ ਹੀ ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ।

ਫਿਲਹਾਲ ਰਾਜਵੀਰ ਜਵੰਦਾ ਨੂੰ ਐਡਵਾਂਸ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।

ਇਸੇ ਦੌਰਾਨ ਹਾਦਸੇ ਦੀ ਖ਼ਬਰ ਮਿਲਦੇ ਹੀ ਗਾਇਕ ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ, ਅਦਾਕਾਰ ਕਰਮਜੀਤ ਅਨਮੋਲ, ਗਾਇਕ ਆਰ ਨੈਟ, ਸੁਰਜੀਤ ਖ਼ਾਨ, ਜੀਤ ਜਗਜੀਤ ਅਤੇ ਮਲਕੀਤ ਰੌਨੀ ਵੀ ਫੋਰਟਿਸ ਹਸਪਤਾਲ ਪਹੁੰਚੇ ਅਤੇ ਪਰਿਵਾਰ ਨਾਲ ਮਿਲੇ।