ਪੰਜਾਬੀ ਗਾਇਕ ਕਾਕਾ ਨੂੰ ਵੱਡਾ ਝਟਕਾ ਲੱਗਾ ਹੈ। ਗਾਇਕ ਕਾਕੇ ਨੇ ਜਿਹੜੀ ਕੰਪਨੀ ‘ਤੇ ਪੈਸਾ ਦੱਬਣ ਦੇ ਲਾਏ ਸੀ ਇਲਜਾਮ ਉਸੇ ਕੰਪਨੀ ਨੇ ਕਾਕੇ ‘ਤੇ 10 ਕਰੋੜ ਡੈਫਾਮੇਸ਼ਨ ਦਾ ਕੇਸ ਪਾਇਆ ਹੈ। ਇਸੇ ਦੌਰਾਨ ਅਦਾਲਤ ਨੇ ਗਾਇਕ ਕਾਕਾ ਦੇ ਕੰਮਾਂ ’ਤੇ ਰੋਕ ਲਗਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਕੰਪਨੀ ਸਕਾਈ ਡਿਜੀਟਲ ਇੰਡੀਆ ਪਰਾਈਵੇਟ ਲਿਮਟਿਡ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਜੋ ਕਾਕਾ ਨੇ ਇਲਜ਼ਾਮ ਲਾਏ ਹਨ ਉਹ ਉਸ ਨੂੰ ਸਾਬਤ ਕਰੇ ਨਹੀਂ ਤਾਂ 10 ਕਰੋੜ ਰੁਪਏ ਦੀ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਤੋਂ ਬਾਅਦ ਅਦਾਲਤ ਨੇ ਕਾਕਾ ਦੇ ਕੰਮ ਤੇ ਰੋਕ ਲਗਾ ਦਿੱਤੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਕਾਕਾ ਨੇ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਗੁਰਕਰਨ ਧਾਲੀਵਾਲ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਉਨ੍ਹਾਂ ‘ਤੇ ਧੋਖਾਧੜੀ, ਵਿਸ਼ਵਾਸਘਾਤ, ਜਾਇਦਾਦ ਦੀ ਦੁਰਵਰਤੋਂ, ਜਾਅਲਸਾਜ਼ੀ, ਧੋਖਾਧੜੀ, ਜਬਰੀ ਵਸੂਲੀ ਅਤੇ ਕਾਪੀਰਾਈਟ ਉਲੰਘਣਾ ਦੇ ਦੋਸ਼ ਲਗਾਏ ਗਏ ਸਨ।
ਐਸਐਸਪੀ ਮੋਹਾਲੀ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ, ਕਾਕਾ ਨੇ ਕਿਹਾ ਸੀ ਕਿ 2021 ਵਿੱਚ, ਦੋਸ਼ੀ ਨੇ ਯੂਟਿਊਬ, ਸਪੋਟੀਫਾਈ, ਗਾਨਾ ਅਤੇ ਵਿੰਕ ਵਰਗੇ ਪਲੇਟਫਾਰਮਾਂ ‘ਤੇ ਉਸਦੇ ਸੰਗੀਤ ਦਾ ਪ੍ਰਚਾਰ ਅਤੇ ਵੰਡ ਕਰਨ ਦਾ ਝੂਠਾ ਵਾਅਦਾ ਕੀਤਾ ਸੀ। ਇਸ ‘ਤੇ, ਕਾਕਾ ਨੇ 3 ਸਾਲਾਂ ਦਾ ਇਕਰਾਰਨਾਮਾ ਕੀਤਾ ਅਤੇ ਆਪਣੀਆਂ ਡਿਜੀਟਲ ਜਾਇਦਾਦਾਂ ਤੱਕ ਪਹੁੰਚ ਦਿੱਤੀ, ਪਰ ਸਕਾਈ ਡਿਜੀਟਲ ਨੇ 6.30 ਕਰੋੜ ਰੁਪਏ ਵਿੱਚੋਂ ਸਿਰਫ਼ 2.50 ਕਰੋੜ ਰੁਪਏ ਦਾ ਭੁਗਤਾਨ ਕੀਤਾ।
ਕਾਕਾ ਨੇ ਕਿਹਾ ਸੀ ਕਿ ਉਸਨੇ ਇਕਰਾਰਨਾਮੇ ਵਿੱਚ ਨਿਰਧਾਰਤ 18 ਗੀਤਾਂ ਦੀ ਬਜਾਏ 20 ਗਾਣੇ ਵੀ ਦਿੱਤੇ, ਫਿਰ ਵੀ ਸਕਾਈ ਡਿਜੀਟਲ ਨੇ ਗਲਤ ਵਿੱਤੀ ਰਿਪੋਰਟਾਂ ਤਿਆਰ ਕਰਕੇ ਮਾਲੀਆ ਰੋਕ ਦਿੱਤਾ ਅਤੇ ਕਮਾਈ ਨੂੰ ਘੱਟ ਦੱਸਿਆ। ਮੁਲਜ਼ਮਾਂ ਨੇ ਲਗਭਗ 1.40 ਕਰੋੜ ਰੁਪਏ ਦਾ ਗਬਨ ਵੀ ਕੀਤਾ ਅਤੇ ਕਾਕਾ ਨੂੰ ਕਾਨੂੰਨੀ ਕਾਰਵਾਈ ਬਾਰੇ ਗੱਲ ਕਰਨ ‘ਤੇ ਧਮਕੀ ਦਿੱਤੀ।