‘ਦ ਖ਼ਾਲਸ ਬਿਊਰੋ : ਦੁਨੀਆ ਭਰ ‘ਚ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ ‘ਤੇ ਉਸ ਨਾਲ ਕੁੱ ਟ ਮਾ ਰ ਦੇ ਦੋ ਸ਼ ਲਾਏ ਹਨ। ਜੋਤੀ ਨੂਰਾਂ ਨੇ ਪਤੀ ਨਾਲ ਚੱਲਦੇ ਵਿਵਾਦ ਕਾਰਨ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਜੋਤੀ ਨੇ ਕਿਹਾ ਕਿ ਉਸ ਨੇ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ 2 ਅਗਸਤ 2014 ਨੂੰ ਚੰਡੀਗੜ੍ਹ ਨੇੜੇ ਮਲੋਆ ਸਥਿਤ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਹਿੰਦੂ ਰੀਤ-ਰਿਵਾਜ਼ਾਂ ਅਨੁਸਾਰ ਵਿਆਹ ਕਰਵਾਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਹੁਣ ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਹੈ ਅਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਤੋਂ ਦੁਖੀ ਹੋ ਕੇ ਉਹਨਾਂ ਤੋਂ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਗਿਆ ਹੈ, ਜਿਸਦੀ ਸੁਣਵਾਈ 11 ਅਕਤੂਬਰ ਹੈ ਅਤੇ ਉਹਨਾਂ ਵੱਲੋਂ ਪਤੀ ਦੇ ਖਿਲਾਫ ਐਸ.ਐਸ.ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਅਤੇ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।
ਉਨ੍ਹਾਂ ਨੇ ਇਹ ਖੁਲਾਸਾ ਕੀਤਾ ਕਿ ਉਹ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਅਤੇ ਕਾਨਫਰੰਸ ਰਾਹੀਂ ਉਨ੍ਹਾਂ ਵੱਲੋਂ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਤੱਕ ਜੋ ਵੀ ਸ਼ੋਅ ਬੁੱਕ ਕੀਤੇ ਗਏ ਹਨ ਉਹ ਉਹਨਾਂ ਵੱਲੋਂ ਨਹੀਂ ਬਲਕਿ ਉਹਨਾਂ ਦੇ ਪਤੀ ਕੁਨਾਲ ਵੱਲੋਂ ਕੀਤੇ ਗਏ ਹਨ ਅਤੇ ਪੇਅਮੈਂਟ ਵੀ ਕੁਨਾਲ ਵੱਲੋਂ ਹੀ ਰਿਸੀਵ ਕੀਤੀ ਗਈ ਹੈ।
ਸੂਫੀ ਗਾਇਕਾ ਨੇ ਆਪਣੇ ਪਤੀ ‘ਤੇ 20 ਕਰੋੜ ਰੁਪਏ ਗਾਇਬ ਕਰਨ ਦਾ ਵੀ ਦੋਸ਼ ਲਗਾਇਆ ਹੈ। ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਕੇ ਜੋ ਵੀ ਕਮਾਈ ਕੀਤੀ ਸੀ, ਉਸ ਦੇ ਪਤੀ ਕੁਨਾਲ ਪਾਸੀ ਨੇ ਗਾਇਬ ਕਰ ਦਿੱਤੀ। ਹੁਣ ਉਸਦੇ ਖਾਤੇ ਵਿੱਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ। ਜੋਤੀ ਨੇ ਦੱਸਿਆ ਕਿ ਕੁਨਾਲ ਪੈਸੇ ਦਾ ਸਾਰਾ ਹਿਸਾਬ-ਕਿਤਾਬ ਰੱਖਦਾ ਸੀ। ਉਹ ਉਸ ਦੇ ਸ਼ੋਅ ਵੀ ਬੁੱਕ ਕਰਦਾ ਸੀ। ਕਈ ਵਾਰ ਪੁੱਛਣ ‘ਤੇ ਵੀ ਕੁਣਾਲ ਨੇ ਉਸ ਨੂੰ ਕੋਈ ਹਿਸਾਬ ਨਹੀਂ ਦਿੱਤਾ। ਕੁਣਾਲ ਨੇ ਅਫੀਮ-ਚਰਸ ਅਤੇ ਗਾਂਜੇ ਤੋਂ ਇਲਾਵਾ ਹੋਰ ਮਹਿੰਗੇ ਨਸ਼ੇ ‘ਤੇ ਸਾਰਾ ਪੈਸਾ ਖਰਚ ਕਰ ਦਿੱਤਾ।
ਜੋਤੀ ਨੇ ਕਿਹਾ ਕਿ ਉਸਨੂੰ ਵਿਆਹ ਦੇ ਇਕ ਸਾਲ ਬਾਅਦ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਸੀ।
ਫਗਵਾੜਾ ਦੇ ਇਕ ਸ਼ੋਅ ਦਾ ਜ਼ਿਕਰ ਕਰਦੇ ਹੋਏ ਜੋਤੀ ਨੂਰਾਂ ਨੇ ਦੱਸਿਆ ਕਿ ਰਾਤ ਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਉਸ ਨੇ ਕੁਣਾਲ ਨੂੰ ਕਿਹਾ ਕਿ ਉਹ ਬਹੁਤ ਥੱਕ ਗਈ ਹੈ ਅਤੇ ਜਲੰਧਰ ਜਾ ਕੇ ਆਰਾਮ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਜਿਵੇਂ ਹੀ ਉਹ ਘਰ ਜਾਣ ਲਈ ਕਾਰ ‘ਚ ਬੈਠਣ ਲੱਗੀ ਤਾਂ ਕੁਣਾਲ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉੱਥੇ ਮੌਜੂਦ ਸਾਰੇ ਲੋਕਾਂ ਨੇ ਇਹ ਸੀਨ ਵੇਖਿਆ।
ਪਿਛਲੇ ਸੱਤ-ਅੱਠ ਸਾਲਾਂ ‘ਚ ਪੁਲਿਸ ਨੂੰ ਕੋਈ ਸ਼ਿਕਾਇਤ ਨਾ ਦੇਣ ਦੇ ਸਵਾਲ ‘ਤੇ ਜੋਤੀ ਨੇ ਕਿਹਾ ਕਿ ਉਸ ਨੂੰ ਲੱਗਦਾ ਸੀ ਕਿ ਕੁਣਾਲ ‘ਚ ਸੁਧਾਰ ਹੋਵੇਗਾ ਅਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਤਾਂ ਉਸ ਨੂੰ ਅਦਾਲਤ ਵਿੱਚ ਤਲਾਕ ਦੇ ਕਾਗਜ਼ ਦਾਖਲ ਕਰਨੇ ਪਏ। ਜੋਤੀ ਨੂਰਾਂ ਨੇ ਕਿਹਾ ਕਿ ਹੁਣ ਉਸ ਦੀ ਸਹਿਣ ਸ਼ਕਤੀ ਖਤਮ ਹੋ ਗਈ ਹੈ।
ਜੋਤੀ ਦਾ ਕਹਿਣਾ ਹੈ ਕਿ ਕੁਣਾਲ ਤੋਂ ਤਲਾਕ ਲੈਣ ਤੋਂ ਬਾਅਦ ਉਹ ਘਰ ਵਾਪਸ ਚਲੀ ਜਾਵੇਗੀ ਅਤੇ ਦੋਵੇਂ ਭੈਣਾਂ ਆਪਣੇ ਪਿਤਾ ਨਾਲ ਦੁਬਾਰਾ ਸ਼ੋਅ ਸ਼ੁਰੂ ਕਰਨਗੀਆਂ।