ਬਿਉਰੋ ਰਿਪੋਰਟ: ਜਲੰਧਰ ਨਾਲ ਸਬੰਧਿਤ ਪੰਜਾਬੀ ਗਾਇਕ ਫਤਿਹਜੀਤ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਡੰਕੀ ਦੇ ਰਸਤੇ ਲੋਕਾਂ ਨੂੰ ਅਮਰੀਕਾ ਭੇਜਦਾ ਸੀ। ਫਤਿਹਜੀਤ ਦੇ ਸਾਥੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਫਤਿਹਜੀਤ ਸਿੰਘ ਪਹਿਲੀ ਵਾਰ 4 ਸਾਲ ਪਹਿਲਾਂ ਆਪਣੇ ਗੀਤ ਸੁਰਮਾ ਨਾਲ ਸੁਰਖੀਆਂ ਵਿੱਚ ਆਇਆ ਸੀ। ਉਕਤ ਗੀਤ ਨੂੰ ਪੰਜਾਬ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਉਸ ਦਾ ਨਵਾਂ ਟ੍ਰੈਕ ਪਰਾਂਡਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।
ਪੀੜਤ ਨੌਜਵਾਨ ਦਾ 50 ਲੱਖ ਰੁਪਏ ਵਿੱਚ ਹੋਇਆ ਸੀ ਸੌਦਾ
ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਬਿਆਨ ਵਿੱਚ ਆਈਜੀਆਈ ਦੀ ਡੀਸੀਪੀ ਊਸ਼ਾ ਰੰਗਨਾਨੀ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਗਾਇਕ ਕਈ ਦੇਸ਼ਾਂ ਵਿੱਚ ਸ਼ੋਅ ਦਾ ਹਿੱਸਾ ਰਿਹਾ ਹੈ। ਮੁਲਜ਼ਮ ਸੁਲਤਾਨ ਸਿੰਘ ਨਾਮਕ ਏਜੰਟ ਦੇ ਸੰਪਰਕ ਵਿੱਚ ਸੀ। ਸੁਲਤਾਨ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਦਾ ਸੀ। ਡੀਸੀਪੀ ਨੇ ਦੱਸਿਆ ਕਿ ਸੁਲਤਾਨ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮੁਲਜ਼ਮ ਸਿੰਗਰ ਨੇ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਦੀ ਸੋਚੀ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਦੋਵੇਂ ਇਕੱਠੇ ਕੰਮ ਕਰਦੇ ਸਨ।
ਡੀਸੀਪੀ ਨੇ ਅੱਗੇ ਦੱਸਿਆ ਕਿ ਫਤਿਹਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਹੈ। ਗਾਇਕ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਸੁਲਤਾਨ ਸਿੰਘ ਨਾਲ ਸੰਪਰਕ ਕੀਤਾ ਸੀ। ਗੁਰਪ੍ਰੀਤ ਨੇ ਅਮਰੀਕਾ ਜਾਣਾ ਸੀ। ਮੁਲਜ਼ਮਾਂ ਨੇ ਉਸ ਨੂੰ ਅਮਰੀਕਾ ਲਿਜਾਣ ਦਾ ਵਾਅਦਾ ਕੀਤਾ ਅਤੇ ਸਾਰੇ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਲਈ 50 ਲੱਖ ਰੁਪਏ ਮੰਗੇ ਸਨ।
ਜਾਣਕਾਰੀ ਮੁਤਾਬਕ ਸਿੰਗਰ ਨੇ ਇਕ ਵਿਅਕਤੀ ਨੂੰ ਅਮਰੀਕਾ ਤੋਂ 50 ਲੱਖ ਰੁਪਏ ਲੈ ਕੇ ਵਿਦੇਸ਼ ਭੇਜਣਾ ਸੀ। ਗਾਇਕ ਦੇ ਸਾਥੀ ਸੁਲਤਾਨ ਸਿੰਘ ਨੇ ਕਰੀਬ 10 ਲੱਖ ਰੁਪਏ ਐਡਵਾਂਸ ਲੈ ਲਏ ਸਨ। ਜਿਸ ਵਿੱਚੋਂ 4 ਲੱਖ ਰੁਪਏ ਗਾਇਕਾਂ ਦਾ ਕਮਿਸ਼ਨ ਸੀ। ਬਾਕੀ 40 ਲੱਖ ਰੁਪਏ ਅਮਰੀਕਾ ਪਹੁੰਚ ਕੇ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ।