Punjab

ਵਿਦੇਸ਼ਾਂ ‘ਚ ਫਸੀਆਂ ਪੰਜਾਬੀ ਲੜਕੀਆਂ ਦੀ ਵਤਨ ਵਾਪਸੀ, ਕੀਤੇ ਰੂਹ ਕੰਬਾਊ ਖ਼ੁਲਾਸੇ…

Punjabi girls stuck abroad return to their homeland, soul-shaking revelations...

ਚੰਡੀਗੜ੍ਹ : 3 ਮਹੀਨਿਆਂ ਤੋਂ ਇਰਾਕ ਸਣੇ ਹੋਰ ਅਰਬ ਮੁਲਕਾਂ ‘ਚ ਫਸੀਆਂ ਪੰਜਾਬ ਦੀਆਂ 4 ਧੀਆਂ ਦੀ ਕੱਲ੍ਹ ਵਤਨ ਵਾਪਸੀ ਹੋਈ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ਵਿੱਚ ਫਸੀਆਂ ਚਾਰ ਲੜਕੀਆਂ ਨੂੰ ਵਾਪਸ ਲਿਆਂਦਾ ਗਿਆ।

ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਤਿੰਨ ਲੜਕੀਆਂ ਨੂੰ ਇਰਾਕ ਅਤੇ ਇੱਕ ਲੜਕੀ ਮਸਕਟ ਤੋਂ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਜਲੰਧਰ ਅਤੇ ਇੱਕ ਕਪੂਰਥਲਾ ਦੀ ਹੈ। ਟਰੈਵਲ ਏਜੰਟ ਅਤੇ ਖ਼ਾਸ ਕਰਕੇ ਪੀੜਤਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਫਸਾ ਰਹੇ ਹਨ। ਉਨ੍ਹਾਂ ਕਿਹਾ ਕਿ ਏਜੰਟ ਗ਼ਰੀਬ ਵਰਗ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੰਤ ਸੀਚੇਵਾਲ ਨੇ ਇਰਾਕ ਅਤੇ ਮਸਕਟ ਸਥਿਤ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਦੀ ਛੇਤੀ ਪਛਾਣ ਅਤੇ ਵਾਪਸੀ ਲਈ ਵੱਡੀ ਭੂਮਿਕਾ ਨਿਭਾਈ ਹੈ।

ਤਿੰਨੋਂ ਲੜਕੀਆਂ ਨੇ ਦੱਸਿਆ ਕਿ ਉਹ ਮਈ, ਜੂਨ ਅਤੇ ਜੁਲਾਈ ਮਹੀਨੇ ਇਰਾਕ ਗਈਆਂ ਸਨ। ਇਰਾਕ ਪਹੁੰਚਦੇ ਹੀ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ। ਕਈ ਦਿਨਾਂ ਤੱਕ ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਗਿਆ ਅਤੇ ਕੁੱਟਮਾਰ ਕੀਤੀ ਗਈ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਗ਼ਰੀਬੀ ਦੂਰ ਕਰਨ ਦਾ ਸੁਪਨਾ ਲੈ ਕੇ ਘਰੋਂ ਨਿਕਲੀਆਂ ਸਨ। ਪਰ ਉੱਥੇ ਪਹੁੰਚ ਕੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਉੱਥੇ ਟਰੈਵਲ ਏਜੰਟਾਂ ਨੇ ਵੇਚ ਦਿੱਤਾ ਹੈ। ਲੜਕੀਆਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ, ਉੱਥੇ ਉਨ੍ਹਾਂ ਨੂੰ ਗ਼ਲਤ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਵੀ ਕੀਤੀ ਗਈ।

ਮਸਕਟ ਤੋਂ ਵਾਪਸ ਆਈ ਲੜਕੀ ਨੇ ਦੱਸਿਆ ਕਿ ਉਸ ਨੂੰ ਵੀ ਉੱਥੇ ਟਰੈਵਲ ਏਜੰਟ ਨੇ ਫਸਾਇਆ ਹੈ। ਉੱਥੇ ਪਹੁੰਚਦੇ ਹੀ ਉਸ ਦੀ ਸਿਹਤ ਵਿਗੜ ਗਈ ਪਰ ਫਿਰ ਵੀ ਏਜੰਟ ਨੇ ਉਸ ਨੂੰ ਘਰਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ। ਇਸ ਦੌਰਾਨ ਹੋਰਾਂ ਲੜਕੀਆਂ ਵੱਲੋਂ ਵੀ ਆਪਣਾ ਤਸ਼ੱਦਦ ਬਿਆਨ ਕੀਤਾ ਗਿਆ ਅਤੇ ਆਪਣੀ ਦੁੱਖ ਭਰੀ ਕਹਾਣੀ ਨੂੰ ਸਾਂਝਾ ਕਰਕੇ ਨੌਜਵਾਨ ਪੀੜੀ ਨੂੰ ਵੀ ਸੁਨੇਹਾ ਦਿੱਤਾ ਗਿਆ।

ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਸਾਡੀ ਮਦਦ ਨਾ ਕਰਦੀ ਤਾਂ ਨਰਕ ਭਰੀ ਜ਼ਿੰਦਗੀ ‘ਚੋਂ ਨਿਕਲਣਾ ਅਸੰਭਵ ਸੀ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਲੜਕੀਆਂ ਦੇ ਪੀੜਤ ਪਰਿਵਾਰਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਅਰਬ ਮੁਲਕਾਂ ‘ਚ ਫਸੀਆਂ ਹਨ, ਜਿਨ੍ਹਾਂ ਨੂੰ ਛੱਡਣ ਲਈ ਟਰੈਵਲ ਏਜੰਟ ਵੱਲੋਂ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਚਿੱਠੀ ਰਾਹੀਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ‘ਚ ਲਿਆਂਦਾ ਗਿਆ, ਜਿਸ ‘ਤੇ ਉੱਥੋਂ ਦੀ ਭਾਰਤੀ ਅੰਬੈਸੀ ਤੇ ਵਿਦੇਸ਼ ਮੰਤਰਾਲੇ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਇਹ ਲੜਕੀਆਂ ਕਰੀਬ 20 ਦਿਨਾਂ ‘ਚ ਆਪਣੇ ਘਰ ਵਾਪਸ ਆ ਗਈਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਟਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ ‘ਚ ਸ਼ੋਸ਼ਣ ਲਗਾਤਾਰ ਜਾਰੀ ਹੈ। ਉਹ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਏਜੰਟਾਂ ਤੇ ਉੱਥੋਂ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰਵਾ ਲਿਆ ਕਰਨ ਤਾਂ ਜੋ ਲੜਕੀਆਂ ਇਸ ਦੀਆਂ ਸ਼ਿਕਾਰ ਨਾ ਹੋਣ।