India International

ਕੈਨੇਡਾ ’ਚ ਪੰਜਾਬਣ ਕੁੜੀ ’ਤੇ ਚਾਕੂ ਨਾਲ ਹਮਲਾ, ਲੁੱਟ ਦੀ ਨੀਅਤ ਨਾਲ ਕੀਤਾ ਵਾਰਦਾਤ

ਕੈਨੇਡਾ : ਵਿਦੇਸ਼ਾਂ ਵਿਚ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬੀਆਂ ਨਾਲ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿਥੇ ਕਨੇਡਾ ਦੇ Winnipeg ਸ਼ਹਿਰ ਵਿੱਚ 23 ਸਾਲਾ ਦੀ ਪੰਜਾਬ ਕੁੜੀ ਦੇ ਚਾਕੂ ਮਾਰ ਕੇ ਉਸ ਦਾ ਫ਼ੋਨ ਲੁੱਟ ਲਿਆ ਗਿਆ। ਜਾਣਕਾਰੀ ਮੁਤਾਬਕ ਲੁਟੇਰੀ ਇਕ 17 ਸਾਲ ਦੀ ਕੁੜੀ ਸੀ।

ਪੀੜਤਾ ਦੀ ਪਛਾਣ ਤਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਪੀੜਤਾ ਦੀ ਖੱਬੀ ਅੱਖ ਅਤੇ ਬਾਂਹ ‘ਤੇ ਸੱਟਾਂ ਲੱਗੀਆਂ ਹਨ। ਪੀੜਤਾ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੈਨੇਡੀਅਨ ਪੁਲਿਸ ਨੇ ਹਮਲੇ ਦੇ ਸਬੰਧ ਵਿੱਚ ਇੱਕ 17 ਸਾਲਾ ਕੁੜੀ ਨੂੰ ਹਿਰਾਸਤ ਵਿੱਚ ਲਿਆ ਹੈ।

ਕੈਨੇਡੀਅਨ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਤਨਪ੍ਰੀਤ ਨੇ ਕਿਹਾ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕੰਮ ਤੋਂ ਘਰ ਵਾਪਸ ਜਾ ਰਹੀ ਸੀ, ਉਦੋਂ ਹੀ ਇੱਕ ਔਰਤ ਨੇ ਮੈਨੂੰ ਧੱਕਾ ਦਿੱਤਾ ਅਤੇ ਮੇਰਾ ਫ਼ੋਨ ਤੇ ਹੋਰ ਸਮਾਨ ਮੰਗਿਆ। ਇਸ ਤੋਂ ਬਾਅਦ ਉਸ ਨੇ ਮੇਰੇ ‘ਤੇ ਚਾਕੂ ਨਾਲ ਹਮਲਾ ਕੀਤਾ।

ਤਨਪ੍ਰੀਤ ਨੇ ਕਿਹਾ ਕਿ ਮੈਂ 2021 ਵਿਚ ਕੈਨੇਡਾ ਆਈ ਸੀ ਅਤੇ ਹੁਣ ਵਰਕ ਪਰਮਿਟ ‘ਤੇ ਹਾਂ। ਝਗੜੇ ਦੌਰਾਨ ਮੈਂ ਚਾਕੂ ਖੋਹਿਆ ਤੇ ਮੈਂ ਆਪਣਾ ਬਚਾਅ ਕਰਦੇ ਹੋਏ ਹਮਲਾਵਰ ਦੀ ਲੱਤ ‘ਤੇ ਚਾਕੂ ਨਾਲ ਵਾਰ ਕੀਤਾ।

ਉਸ ਦੀਆਂ ਦੋ ਸਰਜਰੀਆਂ ਹੋਈਆਂ ਹਨ । ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 17 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰ ਹਮਲਾਵਰਾਂ ਦੀ ਭਾਲ ਜਾਰੀ ਹੈ। ਇਹ ਘਟਨਾ ਜੂਨ 22 ਨੂੰ ਵਾਪਰੀ ਸੀ। ਇਸ ਘਟਨਾ ਨੇ ਪ੍ਰਵਾਸੀ ਪੰਜਾਬੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।