‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪੰਜਾਬੀ ਦੇ ਲੋਕ ਸੰਗੀਤ ਤੇ ਗਾਇਕੀ ਦੀ ਰੂਹ ਗੁਰਮੀਤ ਬਾਵਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਅੱਜ ਅੰਮ੍ਰਿਤਸਾਰ ਵਿਚ ਅੰਤਿਮ ਸਾਹ ਲਿਆ ਹੈ। 77 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੀ ਆਵਾਜ ਬਰਕਰਾਰ ਸੀ। ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਦੇ ਨਾਂ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਵਾਰਡ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਨ੍ਹਾਂ ਦੀ ਧੀ ਲਾਚੀ ਬਾਵਾ ਵੀ ਅਕਾਲ ਚਲਾਣਾ ਕਰ ਗਏ ਸਨ। ਗੁਰਮੀਤ ਬਾਵਾ ਦਾ ਕੱਲ੍ਹ ਅੰਤਿਮ ਸਸਕਾਰ ਕੀਤਾ ਜਾਵੇਗਾ।
ਗੁਰਮੀਤ ਬਾਵਾ ਦੀਆਂ ਦੋਵੇਂ ਬੇਟੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਦੋਵੇਂ ਇਕ ਗਰੁੱਪ ਦੇ ਤੌਰ ’ਤੇ ਵਿਚਰਦੀਆਂ ਰਹੀਆਂ ਸਨ ਅਤੇ ਰਲ ਕੇ ਗਾਉਂਦਿਆਂ ਉਨ੍ਹਾਂ ਨੇ ਵੀ ਪੰਜਾਬੀ ਸੰਗੀਤ ਜਗਤ ਵਿਚ ਆਪਣੀ ਥਾਂ ਬਣਾਈ ਸੀ। ਅੰਮ੍ਰਿਤਸਰ ਵਿਚ ਜੰਮੀ ਲਾਚੀ ਬਾਵਾ ਸੰਗੀਤ ਵਿਚ ਐਮ.ਫ਼ਿਲ ਸੀ ਅਤੇ ਆਪਣੀ ਭੈਣ ਗਲੋਰੀ ਬਾਵਾ ਨਾਲ ਮਿਲ ਕੇ ‘ਗੁਰਮੀਤ ਬਾਵਾ ਸੰਗੀਤ ਅਕਾਦਮੀ’ ਚਲਾਉਣ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਸੰਗੀਤਕ ਸ਼ੋਅਜ਼ ਲਈ ਜਾਣੇ ਜਾਂਦੇ ਸਨ।
ਗੁਰਮੀਤ ਬਾਵਾ ਦੇ ਦੇਹਾਂਤ ਦੀ ਖਬਰ ਨੇ ਪੂਰੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਵੱਖ-ਵੱਖ ਗਾਇਕਾਂ ਅਤੇ ਸਿਆਸੀ ਲੀਡਰਾਂ ਵੱਲੋਂ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਲੋਕ ਗਾਇਕ ਅਤੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਗੁਰਮੀਤ ਬਾਵਾ ਦੀ ਮੌਤ ਦੀ ਖ਼ਬਰ ਸੁਣ ਕੇ ਮਨ ਨੂੰ ਬਹੁਤ ਤਕਲੀਫ਼ ਹੋਈ ਹੈ, ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਨੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾਇਆ। ਉਹ ਆਵਾਜ਼, ਜਦੋਂ ਉਹ ਧਰਤੀ ‘ਤੇ ਗਾਉਂਦੇ ਸੀ ਤਾਂ ਅੱਧੇ ਆਕਾਸ਼ ਤੱਕ ਉਹ ਆਵਾਜ਼ ਪਹੁੰਚਦੀ ਸੀ ਪਰ ਉਹ ਆਵਾਜ਼ ਹੁਣ ਸੰਗੀਤ ਜਗਤ ਤੋਂ, ਪੰਜਾਬੀ ਜਗਤ ਤੋਂ ਦੂਰ ਹੋ ਗਈ ਹੈ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਪੰਜਾਬ ਸਰਕਾਰ ਅੱਗੇ ਬੇਨਤੀ ਕਰਾਂਗਾ ਕਿ ਗੁਰਮੀਤ ਬਾਵਾ ਦੀ ਯਾਦ ਵਿੱਚ ਕੋਈ ਯਾਦਗਾਤ ਉਸਾਰੀ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਮੀਤ ਬਾਵਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਗੁਰਮੀਤ ਬਾਵਾ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਪੰਜਾਬੀ ਲੋਕ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ। ਮੇਰੀ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਹਨ।

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਗੁਰਮੀਤ ਬਾਵਾ ਨੇ ਆਪਣੀ ਜ਼ਿੰਦਗੀ ਸਿਰਫ਼ ਲੋਕ ਸੰਗੀਤ ਨੂੰ ਦਿੱਤੀ ਹੈ ਅਤੇ ਉਹ ਕਦੇ ਵੀ ਨਹੀਂ ਡੋਲੇ। ਉਹ ਸੰਗੀਤ ਦੀ ਮਹਾਰਾਣੀ ਸੀ। ਹੁਣ ਹੋ ਸਕਦਾ ਹੈ ਕਿ ਪੰਜਾਬੀ ਸੰਗੀਤ ਨੂੰ ਕੋਈ ਇੱਦਾਂ ਦਾ ਕਲਾਕਾਰ ਨਾ ਮਿਲੇ ਜਿਸਦਾ ਜੀਵਨ ਵੀ ਸਾਦਾ ਹੋਵੇ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਪੰਜਾਬੀ ਲੋਕ ਗਾਇਕ ਅਤੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਇਹ ਬਹੁਤ ਉਦਾਸ ਅਤੇ ਦਿਲ ਹਿਲਾ ਦੇਣ ਵਾਲੀ ਖਬਰ ਹੈ। ਇਸ ਤਰ੍ਹਾਂ ਦੀ ਹਸਤੀ ਦਾ ਚਲੇ ਜਾਣਾ ਸਾਡੇ ਸਭ ਲਈ ਬਹੁਤ ਅਸਿਹ ਹੈ। ਗੁਰਮੀਤ ਬਾਵਾ ਨੇ ਸਭ ਤੋਂ ਜ਼ਿਆਦਾ ਯੋਗਦਾਨ ਲੋਕ ਗਾਇਕੀ ਵਿੱਚ ਕੀਤਾ ਹੈ। ਉਨ੍ਹਾਂ ਦੀ ਜੁਗਨੀ ਵਾਲੀ ਆਈਟਮ ਪੁਰੀ ਦੁਨੀਆ ਵਿੱਚ ਮਸ਼ਹੂਰ ਹੈ। ਬੇਸ਼ੱਕ ਉਹ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹਿਣਗੇ ਪਰ ਆਵਾਜ਼ ਦੇ ਤੌਰ ‘ਤੇ ਉਹ ਸਾਡੇ ਵਿੱਚ ਰਹਿਣਗੇ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਸਾਡਾ ਦਿਲ ਡੁੱਬ ਗਿਆ ਹੈ।

ਪੰਜਾਬੀ ਗਾਇਕ ਜਸਪਿੰਦਰ ਨਰੂਲਾ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਗੁਰਮੀਤ ਬਾਵਾ ਉਨ੍ਹਾਂ ਦੇ ਘਰ ਵਿੱਚ ਆਉਂਦੇ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ ਹੈ।

ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਖਬਰ ਹੈ। ਸੰਗੀਤ ਜਗਤ ਵਿੱਚ ਅੱਜ ਬਹੁਤ ਦੁੱਖ ਵਾਲੀ ਖਬਰ ਸੁਣੀ ਜਾਵੇਗੀ। ਅੱਜ ਇੱਕ ਯੁੱਗ ਦਾ ਅੰਤ ਹੋਇਆ ਹੈ। ਅਸੀਂ ਉਨ੍ਹਾਂ ਨੂੰ ਰੇਡੀਓ ਤੋਂ ਸੁਣਦੇ ਆ ਰਹੇ ਹਾਂ। ਮੈਨੂੰ ਵੀ ਉਨ੍ਹਾਂ ਦੇ ਨਾਲ ਸਟੇਜ ‘ਤੇ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ। ਉਹ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ। ਅੱਜ 45 ਸਕਿੰਟ ਦੀ ਹੇਕ ਖਾਮੋਸ਼ ਜ਼ਰੂਰ ਹੋ ਗਈ ਹੈ ਪਰ ਰਹਿੰਦੀ ਦੁਨੀਆ ਤੱਕ ਉਹ ਅਮਰ ਜ਼ਰੂਰ ਰਹੇਗੀ।

ਸਤਵਿੰਦਰ ਬਿੱਟੀ ਨੇ ਕਿਹਾ ਕਿ ਬਹੁਤ ਹੀ ਦੁੱਖ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਲੋਕਾਂ ਦੀ ਉਮਰ ਬਹੁਤ ਲੰਬੀ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਲੋਕ ਗੀਤ ਗਾ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਦੀ ਗਾਇਕੀ ਕਦੇ ਵੀ ਖਤਮ ਨਹੀਂ ਹੋਵੇਗੀ। ਪੰਜਾਬੀ ਸੰਗੀਤ ਜਗਤ ਅਤੇ ਸਾਡਾ ਵਿਰਸਾਂ ਉਨ੍ਹਾਂ ਨੂੰ ਕਦੇ ਵੀ ਹੀਂ ਭੁਲਾ ਸਕੇਗਾ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਪੰਜਾਬੀ ਗਾਇਕ ਦਲੇਰ ਮੇਂਹਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਸਾਫ ਸੁਥਰੀ ਗਾਇਕੀ ਨੂੰ ਚੁੱਕਿਆ ਹੈ। ਉਨ੍ਹਾਂ ਵਰਗੀ ਹੇਕ ਕੋਈ ਵੀ ਨਹੀਂ ਲਗਾ ਸਕਿਆ।

ਉਨ੍ਹਾਂ ਵਰਗੀ ਪੰਜਾਬੀ ਸਾਫ ਸੁਥਰੀ ਗਾਇਕੀ ਕਿਸੇ ਨੇ ਵੀ ਪੇਸ਼ ਨਹੀਂ ਕੀਤੀ। ਗੁਰਮੀਤ ਬਾਵਾ ਦਾ ਸਾਨੂੰ ਬਹੁਤ ਸਹਾਰਾ ਸੀ। ਨੌਜਵਾਨ ਪੀੜੀ ਨੂੰ ਉਨ੍ਹਾਂ ਦੇ ਗਾਣਿਆਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਉਨ੍ਹਾਂ ਨੇ ਠੋਕ ਕੇ ਪੰਜਾਬੀ ਗਾਇਕੀ ਨੂੰ ਪੇਸ਼ ਕੀਤਾ ਹੈ।
ਸੁਖਬੀਰ ਬਾਦਲ ਨੇ ਵੀ ਗੁਰਮੀਤ ਬਾਵਾ ਦੇ ਦੇਹਾਂਤ ਉੱਤੇ ਅਫਸੋਸ ਜਾਹਿਰ ਕੀਤਾ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਪ੍ਰਸਿੱਧ ਪੰਜਾਬੀ ਗਾਇਕਾ ਗੁਰਮੀਤ ਬਾਵਾ ਜੀ ਦੇ ਦੇਹਾਂਤ ‘ਤੇ ਦਿਲੀ ਅਫਸੋਸ ਹੈ। ਪੰਜਾਬੀ ਸੰਗੀਤਕ ਇੰਡਸਟਰੀ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।