ਬਿਉਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਗਜਲਕਾਰ ਹਰਜਿੰਦਰ ਸਿੰਘ ਬਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ । ਉਨ੍ਹਾਂ ਨੇ ਚੰਡੀਗੜ੍ਹ ਦੇ PGI ਵਿੱਚ ਅੰਤਿਮ ਸ਼ਾਹ ਲਏ । ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਇਲਾਜ ਵਿਦੇਸ਼ ਅਤੇ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਸੀ । ਗੰਭੀਰ ਹਾਲਤ ਦੇ ਬਾਅਦ ਉਨ੍ਹਾਂ ਨੂੰ PGI ਰੈਫਰ ਕੀਤਾ ਗਿਆ ਸੀ।
ਹਰਜਿੰਦਰ ਸਿੰਘ ਬਲ ਨੇ ਕਈ ਪੰਜਾਬੀ ਗਾਣੇ ਦਿੱਤੇ ਸਨ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ । ਉਨ੍ਹਾਂ ਦੇ ਲਿਖੇ ਗਾਣੇ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ,ਹੰਸਰਾਜ ਹੰਸ,ਫਿਰੋਜ਼ ਖਾਨ,ਮਾਸਟਰ ਸਲੀਮ ਸਮੇਤ ਕਈ ਗਾਇਕਾਂ ਨੇ ਗਾਏ ਹਨ ।
ਮਸ਼ਹੂਰ ਗਾਇਕ ਸਰਦੂਲ ਸਿਕੰਦਰ ਵੱਲੋਂ ਆਪਣੀ ਆਵਾਜ਼ ਵਿੱਚ ਗਾਇਆ ਹਰਜਿੰਦਰ ਬਲ ਦਾ ਗੀਤ ‘ਜਦੋਂ ਹੋ ਗਈ ਮੇਰੀ ਡੋਲੀ ਅਖਿਆਂ ਤੋਂ ਓਹਲੇ… ਪਿੱਛੋ ਰੋਵੇਗੀ ਦੇਖ ਮੇਰੀਆਂ ਗੁੱਡਿਆਂ ਪਟੋਲੇ’ ਅੱਜ ਵੀ ਵਿਆਹ ਸਮਾਗਮਾਂ ਵਿੱਚ ਸੁਣਿਆ ਜਾਂਦਾ ਹੈ।
ਪੰਜਾਬੀ ਸਨਅਤ ਨੇ ਜਤਾਇਆ ਦੁੱਖ
ਪੰਜਾਬੀ ਫਿਲਮ ਅਤੇ ਮਿਉਜ਼ਿਕ ਸਨਅਤ ਦੇ ਕਲਾਕਾਰਾਂ,ਗੀਤਕਾਰਾਂ,ਗਾਇਕਾਂ,ਲੇਖਕਾਂ ਨੇ ਹਰਜਿੰਦਰ ਸਿੰਘ ਬਲ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਬਲ ਦੇ ਜਾਣ ਨਾਲ ਪੰਜਾਬੀ ਮਿਉਜ਼ਿਕ ਸਨਅਤ ਨੂੰ ਵੱਡਾ ਨੁਕਸਾਨ ਹੋਇਆ ਹੈ । ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਹੈ ।