ਰੋਪੜ : ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਨੰਗਲ ਤਹਿਸੀਲ ਦੇ ਪਿੰਡ ਭੱਲੜੀ ਦੇ 23 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਪੁਤਰ ਬਖਸ਼ੀਸ ਸਿੰਘ ਦੀ ਦੁਬਈ ‘ਚ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਰੀਬ ਡੇਢ ਸਾਲ ਪਹਿਲਾ ਦੀ ਬਤੌਰ ਟਰੱਕ ਡਰਾਈਵਰ ਵਿਦੇਸ਼ ਗਿਆ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੁਬਈ ਵਿਖੇ ਕਿਸੇ ਕੰਪਨੀ ਵਿਚ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਟਰੱਕ ਵਿਚ ਕੁਝ ਸਾਮਾਨ ਲੋਡ ਕਰ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਟੱਕਰ ਸੜਕ ਵਿਚਕਾਰ ਖੜ੍ਹੀ ਕਿਸੇ ਗੱਡੀ ਨਾਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਉਪਰੰਤ ਗੱਡੀ ਨੂੰ ਅੱਗ ਲੱਗ ਗਈ ਤੇ ਨੌਜਵਾਨ ਗੱਡੀ ਵਿੱਚ ਹੀ ਜ਼ਿੰਦਾ ਸੜ ਗਿਆ।
ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋਣ ਪਿਛੋਂ ਪਿੰਡ ਭੱਲੜੀ ਵਿਚ ਸੋਗ ਫੈਲ ਗਿਆ। ਮ੍ਰਿਤਕ ਦੇ ਵਾਰਿਸਾ ਵਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਚ ਇੱਕ ਦੋ ਦਿਨ ਦਾ ਸਮਾਂ ਲਗ ਸਕਦਾ ਹੈ।
ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।