ਬਿਊਰੋ ਰਿਪੋਰਟ : ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਦਾ ਭਰਾ ਦੇ ਨਾਲ ਜ਼ਮੀਨੀ ਵਿਵਾਦ ਹੁਣ ਸੜਕਾਂ ‘ਤੇ ਆ ਗਿਆ ਹੈ । ਨਿਰਮਲ ਰਿਸ਼ੀ ਨੇ ਆਪਣੇ ਵੱਡੇ ਭਰਾ ਦੇ ਖਿਲਾਫ਼ ਘਰ ਦਾ ਕੁਝ ਹਿੱਸਾ ਡਿਗਾਉਣ ਦੇ ਵਾਰੰਟ ਅਦਾਲਤ ਤੋਂ ਜਾਰੀ ਕਰਵਾਏ ਹਨ । ਨਿਰਮਲ ਰਿਸ਼ੀ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦਾ ਭਰਾ ਉਸ ਨੂੰ ਮਕਾਨ ਵਿੱਚ ਹਿੱਸਾ ਨਹੀਂ ਦੇ ਰਿਹਾ ਸੀ । ਨਿਰਮਲ ਰਿਸ਼ੀ ਨੇ ਕਿਹਾ ਕਿ ਉਹ ਬਜ਼ੁਰਗ ਹੋ ਗਈ ਹੈ ਆਪਣੇ ਪਿੰਡ ਰਹਿਣਾ ਚਾਉਂਦੀ ਹੈ। ਉਸ ਦੇ ਘਰ ਦਾ ਰਸਤਾ ਭਰਾ ਦੇ ਘਰ ਤੋਂ ਹੋਕੇ ਨਿਕਲ ਦਾ ਹੈ ਪਰ ਭਰਾ ਰਸਤਾ ਨਹੀਂ ਦੇ ਰਿਹਾ ਸੀ । ਨਿਰਮਲ ਰਿਸ਼ੀ ਨੇ ਇਲਜ਼ਾਮ ਲਗਾਇਆ ਕਿ ਜਦੋਂ ਪੁਲਿਸ ਪ੍ਰਸ਼ਾਸਨ ਉਸ ਦੀ ਮਦਦ ਨਹੀਂ ਕਰ ਰਿਹਾ ਸੀ ਤਾਂ ਉਹ ਅਦਾਲਤ ਪਹੁੰਚ ਗਈ ਜਿੱਥੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ । ਪੁਲਿਸ ਹੁਣ ਨਿਰਮਲ ਰਿਸ਼ੀ ਦੇ ਭਰਾ ਦੇ ਘਰ ਮਕਾਨ ਡਿਗਾਉਣ ਦੇ ਲਈ ਪਹੁੰਚੀ ਤਾਂ ਕਿਸਾਨ ਜਥੇਬੰਦੀਆਂ ਭਰਾ ਦੇ ਹੱਕ ਵਿੱਚ ਖੜੀ ਹੋ ਗਈ । ਉਧਰ ਨਿਰਮਲ ਰਿਸ਼ੀ ਦਾ ਭਰਾ ਕੁਝ ਹੋਰ ਹੀ ਕਹਾਣੀ ਸੁਣਾ ਰਿਹਾ ਹੈ ।
ਨਿਰਮਲ ਰਿਸ਼ੀ ਦੇ ਭਰਾ ਦੀ ਸਫਾਈ
ਨਿਰਮਲ ਰਿਸ਼ੀ ਦੇ ਭਰਾ ਨੇ ਦੱਸਿਆ ਕਿ 1975 ਵਿੱਚ ਉਨ੍ਹਾਂ ਨੇ ਮਕਾਨ ਬਣਾਇਆ ਸੀ । ਉਸ ਨੇ ਦੱਸਿਆ ਕਿ ਮੈਂ ਮਕਾਨ ਦੇ ਨਾਲ ਦੀ ਥਾਂ ਖਾਲੀ ਕਰਕੇ ਭੈਣ ਨੂੰ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਿਰਮਲ ਰਿਸ਼ੀ ਉਸ ਦੇ ਮਕਾਨ ਦੀ ਬੈਠਕ ਤੋੜ ਕੇ ਹੋਰ ਰਸਤਾ ਮੰਗ ਰਹੀ ਹੈ। ਇਸ ਦੇ ਲਈ ਕੋਰਟ ਵੱਲੋਂ ਆਏ ਮੁਲਾਜ਼ਮ ਨੇ ਵੀ ਗਲਤ ਰਿਪੋਰਟ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ ਹੈ। ਜਿਸ ਦੀ ਵਜ੍ਹਾ ਕਰਕੇ ਅਦਾਲਤ ਨੇ ਭੈਣ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਮਕਾਨ ਡਿਗਾਉਣ ਦੇ ਆਰਡਰ ਲੈਕੇ ਹੁਣ ਪੁਲਿਸ ਅਧਿਕਾਰੀ ਆ ਜਾਂਦੇ ਹਨ। ਪਰ ਇਸ ਵਾਰ ਜਦੋਂ ਪੁਲਿਸ ਅਧਿਕਾਰੀ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਭਰਾ ਦੇ ਹੱਕ ਵਿੱਚ ਖੜੇ ਹੋ ਗਏ ਅਤੇ ਉਨ੍ਹਾਂ ਨੇ ਮਕਾਨ ਡਿਗਾਉਣ ਤੋਂ ਰੋਕ ਦਿੱਤਾ । ਉਧਰ ਨਿਰਮਲ ਰਿਸ਼ੀ ਦਾ ਕਹਿਣਾ ਹੈ ਕਿ ਉਹ ਮਕਾਨ ਨਹੀਂ ਡਿਗਾਉਣਾ ਚਾਉਂਦੀ ਹੈ ਬਸ ਆਪਣੇ ਘਰ ਦਾ ਰਸਤਾ ਚਾਉਂਦੀ ਹੈ ।