ਮੁਹਾਲੀ : ਪੰਜਾਬੀ ਅਦਾਕਾਰ ਗੁੱਗੂ ਗਿੱਲ ( Punjabi actor Gugu Gill ) ਦਾ ਬਾਜ਼ੀਗਰ ਭਾਈਚਾਰਾ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸਦਾ ਕਾਰਨ ਹੈ ਗੁੱਗੂ ਗਿੱਲ ਦੀ ਨਵੀਂ ਵੈੱਬ ਸੀਰੀਜ਼ ‘ਪਿੰਡ ਚੱਕਾਂ ਦੇ ਸ਼ਿਕਾਰੀ-2’… ਬਾਜ਼ੀਗਰ ਭਾਈਚਾਰੇ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਬਾਜ਼ੀਗਰ ਭਾਈਚਾਰੇ ਬਾਰੇ ਵਿਵਾਦਤ ਟਿੱਪਣੀ ਕੀਤੀ ਗਈ ਹੈ। ਹਾਲਾਂਕਿ, ਗੁੱਗੂ ਗਿੱਲ ਨੇ ਇਸ ਲਈ ਬਾਜ਼ੀਗਰ ਭਾਈਚਾਰੇ ਕੋਲੋਂ ਮੁਆਫ਼ੀ ਵੀ ਮੰਗੀ ਹੈ। ਗੁੱਗੂ ਗਿੱਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਵੀਡੀਓ ਪਾ ਕੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਆਪਣੀ ਸਾਰੀ ਟੀਮ ਸਮੇਤ ਬਾਜ਼ੀਗਰ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੇ ਹਨ। ‘ਪਿੰਡ ਚੱਕਾਂ ਦੇ ਸ਼ਿਕਾਰੀ-2’ ਵਿੱਚ ਵਰਤੀ ਗਈ ਲੋਕ ਬੋਲੀ ਅਤੇ ਸਾਡੇ ਬਾਜ਼ੀਗਰ ਸਮਾਜ ਨੂੰ ਠੇਸ ਪਹੁੰਚਣ ਉੱਤੇ ਅਸੀਂ ਸਾਰੀ ਟੀਮ ਖਿਮਾ ਦੇ ਯਾਤਕ ਹਾਂ।
ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ ਵਿੱਚ ਕੰਮ ਕਰਨ ਵਾਲੇ ਆਸ਼ੀਸ਼ ਦੁੱਗਲ ਨੇ ਵੀ ਇਸ ਵੈੱਬ ਸੀਰੀਜ਼ ਵਿੱਚ ਬਾਜ਼ੀਗਰ ਭਾਈਚਾਰੇ ਵੱਲੋਂ ਜਤਾਏ ਇਤਰਾਜ਼ ਉੱਤੇ ਮੁਆਫੀ ਮੰਗਦਿਆਂ ਸਪੱਸ਼ਟ ਕੀਤਾ ਹੈ ਕਿ ਜੋ ਵੀ ਇਤਰਾਜ਼ ਬਾਜ਼ੀਗਰ ਭਾਈਚਾਰੇ ਵੱਲੋਂ ਜਤਾਇਆ ਗਿਆ ਸੀ, ਉਸਨੂੰ ਹਟਾ ਦਿੱਤਾ ਗਿਆ ਹੈ।
ਦਰਅਸਲ, ਇਸ ਮਹੀਨੇ 13 ਜਨਵਰੀ ਨੂੰ ਗੁੱਗੂ ਗਿੱਲ ਦੀ ਇਹ ਵੈੱਬ ਸੀਰੀਜ਼ ਰਿਲੀਜ਼ ਹੋਈ ਹੈ, ਜਿਸ ਵਿੱਚ ਕੁਝ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ‘ਤੇ ਬਾਜ਼ੀਗਰ ਭਾਈਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।