ਪਨਸਪ ਦੀ MD ਅੰਮ੍ਰਿਤ ਕੌਰ ਗਿੱਲ ਨੇ ਸਰਕਾਰ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਮੰਗੀ
‘ਦ ਖ਼ਾਲਸ ਬਿਊਰੋ :- ਪੰਜਾਬ ਦੀ ਮਹਿਲਾ IAS ਅਫਸਰ ਅੰਮ੍ਰਿਤ ਕੌਰ ਗਿੱਲ ਨੇ ਅਸਤੀਫ਼ਾ ਦੇ ਦਿੱਤਾ ਹੈ। ਕੈਪਟਨ ਸਰਕਾਰ ਨੇ ਜਦੋਂ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਿਆ ਸੀ ਤਾਂ ਅੰਮ੍ਰਿਤ ਗਿੱਲ ਜ਼ਿਲ੍ਹੇ ਦੀ ਪਹਿਲੀ ਮਹਿਲਾ DC ਬਣੀ ਸੀ। ਉਨ੍ਹਾਂ ਦੇ ਨਾਲ ਹੀ ਜ਼ਿਲ੍ਹੇ ਦੀ ਇੱਕ ਹੋਰ ਮਹਿਲਾ ਅਫਸਰ ਕੰਵਰਦੀਪ ਕੌਰ ਨੂੰ SSP ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਹਾਲਾਂਕਿ ਬਾਅਦ ਵਿੱਚੋਂ ਅੰਮ੍ਰਿਤ ਕੌਰ ਗਿੱਲ ਦਾ ਟਰਾਂਸਫਰ ਪਨਸਪ ਵਿੱਚ ਕਰ ਦਿੱਤਾ ਗਿਆ ਸੀ।
ਸੂਤਰਾਂ ਮੁਤਾਬਿਕ ਚਰਚਾਵਾਂ ਨੇ ਕਿ IAS ਅਫਸਰ ਅੰਮ੍ਰਿਤ ਕੌਰ ਸਰਕਾਰ ਅਤੇ ਉਨ੍ਹਾਂ ਵੱਲੋਂ ਲਗਾਏ ਗਏ ਅਫਸਰਾਂ ਤੋਂ ਖੁਸ਼ ਨਹੀਂ ਸੀ। ਇਸ ਲਈ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਹਾਲਾਂਕਿ ਅੰਮ੍ਰਿਤ ਕੌਰ ਗਿੱਲ ਨੇ ਇਸ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤ ਕੌਰ ਗਿੱਲ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਲਈ ਪਰਿਵਾਰਕ ਵਜ੍ਹਾਂ ਕਰਕੇ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ ਪਰ ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੀ ਡੀਸੀ ਰਹਿੰਦੇ ਹੋਏ ਅੰਮ੍ਰਿਤ ਕੌਰ ਗਿੱਲ ਆਪਣੇ ਸਖ਼ਤ ਫੈਸਲਿਆਂ ਲਈ ਜਾਣੀ ਜਾਂਦੀ ਸੀ।
ਅੰਮ੍ਰਿਤ ਕੌਰ ਗਿੱਲ ਨੇ VRS ਮੰਗੀ
ਪੰਜਾਬ ਦੀ ਮਹਿਲਾ IAS ਅਫਸਰ ਅੰਮ੍ਰਿਤ ਕੌਰ ਗਿੱਲ ਨੇ VRS ਯਾਨੀ ਵਾਲੰਟਰੀਅਲ ਰਿਟਾਇਰਮੈਂਟ ਸਕੀਮ ਦੇ ਤਹਿਤ ਅਸਤੀਫ਼ਾ ਦਿੱਤਾ ਹੈ। ਨਿਯਮ ਦੇ ਮੁਤਾਬਿਕ ਉਨ੍ਹਾਂ ਨੂੰ 3 ਮਹੀਨੇ ਦਾ ਨੋਟਿਸ ਦੇਣਾ ਹੁੰਦਾ ਹੈ ਜੋ ਉਨ੍ਹਾਂ ਨੇ ਦੇ ਦਿੱਤਾ ਹੈ। ਸਾਲ 2010 ਦੀ IAS ਅਫਸਰ ਅੰਮ੍ਰਿਤ ਕੌਰ ਗਿੱਲ ਜਦੋਂ ਫਤਿਹਗੜ੍ਹ ਸਾਹਿਬ ਦੀ ਡੀਸੀ ਸੀ ਤਾਂ ਉਨ੍ਹਾਂ ਦਾ ADC ਜਗਵਿੰਦਰਜੀਤ ਸਿੰਘ ਨਾਲ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਪੇਂਡੂ ਵਿਕਾਸ ਵਿਭਾਗ ਦੇ ਮੁਲਾਜ਼ਮ ਅਤੇ ਅਫਸਰ ਹੜਤਾਲ ਉੱਤੇ ਚਲੇ ਗਏ ਸਨ। ਅਫਸਰਾਂ ਨੇ ਅੰਮ੍ਰਿਤ ਕੌਰ ਖਿਲਾਫ਼ ਗਲਤ ਭਾਸ਼ਾ ਦੀ ਵਰਤੋਂ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਤਤਕਾਲੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਦੋਵਾਂ ਪੱਖਾਂ ਨੂੰ ਬਿਠਾ ਕੇ ਮਾਮਲਾ ਸੁਲਝਾਇਆ ਸੀ।