Punjab

ਪੰਜਾਬ ‘ਚ ਕੋਲਾ ਸੰਕਟ ਕਾਰਨ ਹੁਣ ਲੱਗਣਗੇ ਬਿਜਲੀ ਦੇ ਕੱਟ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਮਾਲ ਗੱਡੀਆ ਦੇ ਠੱਪ ਹੋਣ ਕਾਰਨ ਕੋਲੇ ਦੇ ਸੰਕਟ ਕਾਰਨ ਸੂਬੇ ‘ਚ ਬਿਜਲੀ ਦੀ ਘਾਟ ਮਗਰੋਂ ਪਾਵਰਕੌਮ ਨੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਰਣਜੀਤ ਸਾਗਰ ਡੈਮ ਹਾਈਡਲ ਦੀ ਦੂਜੀ ਯੂਨਿਟ ਵੀ ਭਖਾ ਦਿੱਤੀ ਹੈ। ਉਧਰ ਕੋਲੇ ਦੇ ਸੰਕਟ ਕਾਰਨ ਬਿਜਲੀ ਦੀ ਘਾਟ ਮਗਰੋਂ ਬਿਜਲੀ ਕੱਟਾਂ ਨੂੰ ਸ਼ਡਿਊਲ ਸ਼੍ਰੇਣੀ ਵਿੱਚ ਲੈ ਲਿਆ ਗਿਆ ਹੈ, ਜਿਸ ਤਹਿਤ 24 ਘੰਟੇ ਸਪਲਾਈ ਕੈਟਾਗਿਰੀ ’ਚ ਚਾਰ ਤੋਂ ਪੰਜ ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।

ਬਿਜਲੀ ਸੰਕਟ ਦੇ ਮੱਦੇਨਜ਼ਰ ਰੋਪੜ ਥਰਮਲ ਪਲਾਂਟ ਜਿਹੜਾ ਬੀਤੇ ਦਿਨ ਭਖਾਇਆ ਗਿਆ ਸੀ, ਦੀ ਉਤਪਾਦ ਯੂਨਿਟ ਅੱਜ ਬੁਆਲਿਰ ਲੀਕੇਜ ਕਾਰਨ ਬੰਦ ਹੋ ਗਈ। ਇਸ ਮਗਰੋਂ ਪਲਾਂਟ ਦੀ ਦੂਜੀ ਯੂਨਿਟ ਭਖਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਲਹਿਰਾ ਮੁਹੱਬਤ ਪਲਾਂਟ ਦੀ ਬੀਤੇ ਦਿਨ ਭਖਾਈ ਇੱਕ ਯੂਨਿਟ ਕੱਲ੍ਹ 230 ਮੈਗਾਵਾਟ ਦੀ ਦਰ ’ਤੇ ਪੂਰੀ ਸਮੱਰਥਾ ’ਤੇ ਕਾਰਜਸ਼ੀਲ ਹੈ। ਹਾਈਡਰੋ ਪਾਵਰ ਪੈਦਾਵਾਰ ਨੂੰ ਤੇਜ਼ ਕਰਦਿਆਂ ਕੱਲ੍ਹ ਰਣਜੀਤ ਸਾਗਰ ਡੈਮ ਦੀ ਦੂਜੀ ਯੂਨਿਟ ਨੂੰ ਵੀ ਤੋਰ ਲਿਆ ਗਿਆ ਹੈ। ਭਾਵੇਂ ਮੌਸਮ ਬਦਲਣ ਕਰਕੇ ਬਿਜਲੀ ਦੀ ਮੰਗ ਕੱਲ੍ਹ ਇੱਕ ਵਾਰ 4 ਹਜ਼ਾਰ ਮੈਗਾਵਾਟ ਤੋਂ ਵੀ ਹੇਠਾਂ ਆ ਗਈ ਸੀ, ਪਰ ਇਸ ਦੇ ਬਾਵਜੂਦ ਪਾਵਰਕੌਮ ਨੂੰ ਬਿਜਲੀ ਦੀ ਮੰਗ ਤੇ ਸਪਲਾਈ ਦਾ ਤਵਾਜ਼ਨ ਕਾਇਮ ਰੱਖਣ ਲਈ ਬਿਜਲੀ ਕੱਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਜਿਹੜੇ ਬਿਜਲੀ ਕੱਟ ਪਹਿਲਾਂ ਅਨਸ਼ਡਿਊਲ ਕੈਟਾਗਿਰੀ ਤੱਕ ਸੀਮਤ ਸਨ, ਉਹ ਦੋ ਦਿਨਾਂ ਤੋਂ ਹੁਣ ਸ਼ਡਿਊਲ ਸ਼੍ਰੇਣੀ ’ਚ ਵੇਖੇ ਜਾ ਰਹੇ ਹਨ।  ਉੱਧਰ ਪਾਵਰਕੌਮ ਮੈਨੇਜਮੈਂਟ ਨੂੰ ਬਾਹਰੀ ਸਰੋਤਾਂ ਤੋਂ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਾਵਰਕੌਮ ਹਾਈਡਲ ਚੀਫ ਇੰਜਨੀਅਰ ਸਤਵਿੰਦਰ ਸਿੰਘ ਨੇ ਮੰਨਿਆ ਕਿ ਸੂਬੇ ’ਚ ਬਿਜਲੀ ਦੀ ਘਾਟ ਕਾਰਨ ਹਾਈਡਲ ਪੈਦਾਵਾਰ ਨੂੰ ਵਧਾਇਆ ਜਾ ਰਿਹਾ ਹੈ।