India Punjab

“ਪੰਜਾਬ ਖਰੀਦੇਗਾ ਆਪਣੀਆਂ 3 ਰੇਲਾਂ, Electric Vehicles ਦੀ ਵੀ ਹੋਵੇਗੀ ਸ਼ੁਰੂਆਤ” ਮੁੱਖ ਮੰਤਰੀ ਪੰਜਾਬ ਦੇ ਐਲਾਨ

ਦਿੱਲੀ : “ਪੰਜਾਬ ਵਿੱਚ ਵਿਦੇਸ਼ੀ ਕੰਪਨੀਆਂ ਕਾਫ਼ੀ ਦਿਲਚਸਪੀ ਦਿਖਾ ਰਹੀਆਂ ਹਨ ਤੇ ਕਈਆਂ ਨੇ ਕੰਮ ਸ਼ੁਰੂ ਵੀ ਕਰ ਦਿੱਤਾ ਹੈ । ਪੰਜਾਬ ਵਿੱਚ Verbio ਦੁਆਰਾ ਪਰਾਲੀ ਤੋਂ ਬਾਇਓਗੈਸ ਪਲਾਂਟ ਸਥਾਪਿਤ ਕੀਤਾ ਗਿਆ ਹੈ ਤੇ ਟਾਟਾ ਸਟੀਲ ਵੀ ਲੁਧਿਆਣਾ ਵਿੱਚ ਪਲਾਂਟ ਸਥਾਪਿਤ ਕਰੇਗੀ।”

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ CII ਦੇ ਪ੍ਰੋਗਰਾਮ ਵਿੱਚ ਕੀਤਾ ਹੈ । ਮਾਨ ਆਪਣੇ ਦਿੱਲੀ ਦੌਰੇ ‘ਤੇ ਹਨ ਤੇ ਉਹਨਾਂ ਦੀ ਅੱਜ ਅਹਿਮ ਮੀਟਿੰਗ ਵੀ ਹੈ। ਪੰਜਾਬ ਵਿੱਚ ਈਵੀ ਪਾਲਿਸੀ ਦੀ ਸ਼ੁਰੂਆਤ ਹੋ ਰਹੀ ਹੈ।

ਮਾਨ ਨੇ ਕਿਹਾ ਹੈ ਕਿ ਕਾਰਖਾਨੇਦਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਸਿਸਟਮ ਨੂੰ ਅਪਡੇਟ ਕੀਤਾ ਜਾਵੇਗਾ ਤੇ ਰਜਿਸਟਰੀ ਦੇ ਨਾਲ ਹੀ ਹੋਰ ਸਾਰੀਆਂ ਕਾਗਜ਼ੀ ਕਾਰਵਾਈਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਵਪਾਰ ਕਰਨ ਦੀ ਸੌਖ ਲਈ ਉਦਯੋਗਿਕ ਨੀਤੀ ਅਤੇ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਹੁਣ NOC, CLU ਅਤੇ ਪ੍ਰਦੂਸ਼ਣ ਲਈ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਤੇ ਜ਼ਮੀਨ ਦੀ ਰਜਿਸਟਰੀ ਦੇ ਇੱਕ ਦਿਨ ਬਾਅਦ ਹੀ ਸਨਅਤਕਾਰ ਆਪਣਾ ਕੰਮ ਸ਼ੁਰੂ ਕਰ ਸਕਣਗੇ।

ਮਾਨ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਜਿਥੇ ਖੇਤੀ ਵਿੱਚ ਅੱਗੇ ਹੈ, ਉਥੇ ਟਰੈਕਟਰ ਤੇ ਕੰਬਾਇਨ ਬਣਾਉਣ ਵਾਲੀ ਇੰਡਸਟਰੀ ਵੀ ਬਹੁਤ ਪ੍ਰਫੂਲਿਤ ਹੈ ਤੇ ਇਥੋਂ ਸਾਮਾਨ ਬਾਹਰ ਨੂੰ ਭੇਜਿਆ ਜਾਂਦਾ ਹੈ ਤੇ ਇਸ ਇੰਡਸਟਰੀ ਵਿੱਚ ਬਹੁਤ ਸਕੋਪ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਸੈਰ-ਸਪਾਟੇ ਨੂੰ ਵਿਕਸਤ ਕੀਤਾ ਜਾਵੇਗਾ। ਪੰਜਾਬ ਵਿੱਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ,ਜਿਸ ਦੌਰਾਨ ਇੱਕ ਅਲੱਗ ਹੀ ਪੰਜਾਬ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਨੰਗਲ ਡੈਮ,ਰਣਜੀਤ ਸਾਗਰ ਡੈਮ ਤੇ ਹੋਰ ਬਹੁਤ ਸਾਰੀਆਂ ਜਗਾਵਾਂ ਹਨ ,ਜਿਥੇ ਸਪਾਟੇ ਨੂੰ ਬਹੁਤ ਵਿਕਸਤ ਕੀਤਾ ਜਾ ਸਕਦਾ ਹੈ।

ਆਪਣੀ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਵਰਚੁਅਲ ਮੀਟਿੰਗ ਦਾ ਜ਼ਿਕਰ ਕਰਦਿਆਂ ਮਾਨ ਨੇ ਦੱਸਿਆ ਹੈ ਕਿ ਪਹਿਲਾਂ ਜਿਥੇ ਪੰਜਾਬ ਮਾਰਚ ਵਿੱਚ ਸਿੱਖਿਆ ਵਿਸ਼ੇ ‘ਤੇ ਹੋਣ ਵਾਲੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਉਥੇ ਇਸ ਤੋਂ ਬਾਅਦ ਜੂਨ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਵੀ ਇਥੇ ਹੋਵੇਗਾ।

ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਮਿਹਨਤੀ ਲੋਕਾਂ ਦੀ ਕਮੀ ਨਹੀਂ ਹੈ ਪਰ ਹੁਣ ਵੱਧ ਮੌਕਿਆਂ ਨੂੰ ਪੈਦਾ ਕੀਤਾ ਜਾਵੇਗਾ। ਇਸ ਲਈ ਸਿੱਖਿਆ ਪ੍ਰਣਾਲੀ ਨੂੰ ਵੀ ਅਪਡੇਟ ਕੀਤਾ ਜਾਵੇਗਾ।ਓਲਾ,ਜ਼ੋਮੈਟੋ ਵਰਗੀਆਂ ਕੰਪਨੀਆਂ ਦਾ ਆਇਡੀਆ ਵੀ ਪੰਜਾਬੀਆਂ ਦਾ ਹੀ ਸੀ।

ਮਾਨ ਨੇ ਇੰਡਸਟਰੀ ਵਾਸਤੇ ਸਹੀ ਮਾਹੌਲ ਦੇਣ ਦੀ ਵੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸੜ੍ਹਕਾਂ ਦੀ ਹਾਲਤ ਸੁਧਾਰਨ ਵੱਲ ਵੀ ਧਿਆਨ ਦਿੱਤਾ ਜਾਵੇਗਾ।
ਪੰਜਾਬ ਅਜਿਹਾ ਸੂਬਾ ਬਣੇਗਾ,ਜਿਸ ਕੋਲ ਆਪਣੀਆਂ ਰੇਲਾਂ ਹੋਣਗੀਆਂ। ਇਸ ਲਈ ਰੇਲਵੇ ਮੰਤਰਾਲੇ ਨਾਲ ਗੱਲ ਚੱਲ ਰਹੀ ਹੈ।

ਲੁਧਿਆਣੇ ਨੂੰ ਨੇੜਲੀਆਂ ਬੰਦਰਗਾਹਾਂ ਨਾਲ ਜੋੜਨ ਲਈ ਪੰਜਾਬ ਓਨ ਵਹੀਲਸ ਨਾਮ ਦੀਆਂ ਰੇਲਾਂ ਪੰਜਾਬ ਸਰਕਾਰ ਖਰੀਦੇਗੀ।ਇਸ ਤੋਂ ਇਲਾਵਾ ਪੰਜਾਬ ਵਿੱਚ EV ਮਤਲਬ ਇਲੈਕਟਰਿਕ ਵਾਹਨਾਂ ਦੀ ਵੀ ਜਲਦੀ ਸ਼ੁਰੂਆਤ ਹੋਵੇਗੀ।

ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ,ਇਹ ਗੱਲ ਵੀ ਮਾਨ ਨੇ ਕੀਤੀ ਹੈ ਤੇ ਇਸ ਲਈ ਸਾਰਿਆਂ ਤੋਂ ਸਹਿਯੋਗ ਦੀ ਵੀ ਉਮੀਦ ਕੀਤੀ ਹੈ।