The Khalas Tv Blog Punjab ਪੰਜਾਬ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਨਿਆਂ ਦੇ ਮੰਦਰ ’ਚ ਵਿਧਵਾ ਔਰਤ ਨਾਲ ਜਬਰਜਨਾਹ
Punjab

ਪੰਜਾਬ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਨਿਆਂ ਦੇ ਮੰਦਰ ’ਚ ਵਿਧਵਾ ਔਰਤ ਨਾਲ ਜਬਰਜਨਾਹ

Rape

ਮੋਗਾ ਦੇ ਜਗਰਾਉਂ ਤੋਂ ਬੜੀ ਮੰਦਭਾਗੀ ਖ਼ਬਰ ਆਈ ਹੈ। ਇੱਥੇ ਸਥਾਨਕ ਕੋਰਟ ਕੰਪਲੈਕਸ ਵਿੱਚ, ਵਕੀਲ ਦੇ ਕਮਰੇ ਵਿੱਚ ਇੱਕ ਫਾਇਨਾਂਸਰ ਵੱਲੋਂ ਵਿਧਵਾ ਔਰਤ ਨਾਲ ਮਾੜਾ ਕੰਮ ਕੀਤਾ ਗਿਆ ਹੈ। ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਔਰਤ ਨਾਲ ਜਬਰਜਨਾਹ ਕੀਤਾ। ਪੀੜਤ ਔਰਤ ਨੂੰ ਆਪਣੀ ਧੀ ਦੀ ਪੜ੍ਹਾਈ ਲਈ ਵਿਆਜੀ ਪੈਸੇ ਚਾਹੀਦੇ ਸੀ ਤੇ ਮੁਲਜ਼ਮ ਫਾਈਨੈਂਸਰ ਨੇ ਇਸੇ ਸਬੰਧੀ ਉਸ ਨੂੰ ਕੋਈ ਫਾਈਲ ਭਰਨ ਲਈ ਮੋਗਾ ਤੋਂ ਜਗਰਾਉਂ ਬੁਲਾਇਆ ਸੀ। ਪਰ ਸ਼ਰਾਬ ਪੀ ਕੇ ਉਸ ਨੇ ਔਰਤ ਨਾਲ ਪਹਿਲਾਂ ਜਬਰਜਨਾਹ ਕੀਤਾ ਤੇ ਫਿਰ ਉਸ ਨੂੰ ਵਾਪਸ ਭੇਜ ਦਿੱਤਾ।

ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਰਮਿੰਦਰਪਾਲ ਸਿੰਘ ਗਰੇਵਾਲ ਵਾਸੀ ਪਿੰਡ ਬਰਸਾਲ ਵਜੋਂ ਹੋਈ ਹੈ। ਇਹ ਘਟਨਾ 30 ਮਾਰਚ ਨੂੰ ਵਾਪਰੀ ਸੀ, ਪਰ ਮਾਨਸਿਕ ਤੌਰ ਤੋਂ ਪਰੇਸ਼ਾਨ ਹੋਣ ਕਰਕੇ ਪੀੜਤਾ ਨੇ 2 ਅਪ੍ਰੈਲ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਫਾਇਨਾਂਸਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਜਗਰਾਉਂ ਵਿੱਚ ਸੁਖਬੀਰ ਸਿੰਘ ਨਾਂ ਦੇ ਵਿਅਕਤੀ ਨੂੰ ਜਾਣਦੀ ਸੀ। ਜੋ ਉਸ ਦਾ ਮੂੰਹ ਬੋਲਿਆ ਭਰਾ ਬਣਿਆ ਹੋਇਆ ਸੀ।

ਪੀੜਤਾ ਨੇ ਦੱਸਿਆ ਕਿ ਉਸ ਦੀ 13 ਸਾਲ ਦੀ ਧੀ 5ਵੀਂ ਜਮਾਤ ਪਾਸ ਹੋਈ ਸੀ ਅਤੇ ਉਸ ਨੂੰ ਅਗਲੇਰੀ ਪੜ੍ਹਾਈ ਲਈ ਆਪਣੇ ਸਕੂਲ ਵਿਚ ਦਾਖ਼ਲੇ ਲਈ ਪੈਸਿਆਂ ਦੀ ਲੋੜ ਸੀ। ਇਸ ਸਬੰਧੀ ਉਸ ਨੇ ਆਪਣੇ ਮੂੰਹ ਬੋਲੇ ਭਰਾ ਨੂੰ ਕਿਸੇ ਪਾਸੋਂ ਵਿਆਜ ‘ਤੇ ਪੈਸੇ ਲੈਣ ਲਈ ਕਿਹਾ ਸੀ, ਉਸ ਨੇ ਦੱਸਿਆ ਕਿ ਉਸ ਨੇ ਫਾਈਨਾਂਸਰ ਨਾਲ ਸਾਰੀ ਗੱਲ ਕੀਤੀ ਹੈ। ਉਹ ਪੈਸੇ ਵਿਆਜ ‘ਤੇ ਦੇਵੇਗਾ। ਇਸੇ ਕਾਰਨ ਉਹ 30 ਮਾਰਚ ਨੂੰ ਦੇਰ ਸ਼ਾਮ ਮੋਗਾ ਤੋਂ ਜਗਰਾਉਂ ਆਈ ਸੀ।

ਨਿਆਂ ਦੇ ਮੰਦਰ ਵਿੱਚ ਵਕੀਲ ਦੇ ਕਮਰੇ ’ਚ ਜਬਰਜਨਾਹ

ਫਾਇਨਾਂਸਰ ਨੇ ਫੋਨ ਕਰਕੇ ਪੀੜਤਾ ਨੂੰ ਕਿਹਾ ਸੀ ਕਿ ਉਹ ਅਦਾਲਤ ਦੇ ਅਹਾਤੇ ਵਿੱਚ ਐਡਵੋਕੇਟ ਕਪਿਲ ਦੇ ਕੈਬਿਨ ਵਿੱਚ ਆਵੇ। ਜਿਸ ਤੋਂ ਬਾਅਦ ਉਹ ਕੈਬਿਨ ਨੰਬਰ 248 ਵਿੱਚ ਗਈ। ਵਕੀਲ ਕਪਿਲ ਅਤੇ ਮੁਲਜ਼ਮ ਉੱਥੇ ਬੈਠੇ ਸ਼ਰਾਬ ਪੀ ਰਹੇ ਸਨ। ਜਦੋਂ ਉਹ ਕੈਬਿਨ ਪਹੁੰਚੀ ਤਾਂ ਉਸ ਨੂੰ ਬੈਠਣ ਅਤੇ ਉਡੀਕ ਕਰਨ ਲਈ ਕਿਹਾ ਗਿਆ।

ਇਸੇ ਦੌਰਾਨ ਸੁਖਬੀਰ ਨੂੰ ਫ਼ੋਨ ਆਇਆ ਅਤੇ ਐਡਵੋਕੇਟ ਕਪਿਲ ਮੁਲਜ਼ਮ ਫਾਈਨਾਂਸਰ ਨੂੰ ਇਹ ਕਹਿ ਕੇ ਉੱਥੋਂ ਚਲੇ ਗਏ ਕਿ ਉਹ ਘਰ ਜਾ ਰਹੇ ਹਨ ਤੇ ਉਹ ਕੈਬਿਨ ਬੰਦ ਕਰ ਦੇਣ। ਫਿਰ ਐਡਵੋਕੇਟ ਕਪਿਲ ਦੇ ਜਾਣ ਤੋਂ ਬਾਅਦ ਦੋਸ਼ੀ ਫਾਈਨਾਂਸਰ ਨੇ ਸ਼ਰਾਬ ਦੇ ਨਸ਼ੇ ‘ਚ ਪੀੜਤਾ ਨੂੰ ਅੰਦਰ ਬੁਲਾ ਕੇ ਕੈਬਿਨ ਬੰਦ ਕਰ ਦਿੱਤਾ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ।

ਇਸ ਸਬੰਧੀ ਗੱਲਬਾਤ ਕਰਦਿਆਂ ਐਸਆਈ ਕਿਰਨਦੀਪ ਕੌਰ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦੋਸ਼ੀ ਫਾਇਨਾਂਸਰ ਪਰਵਿੰਦਰ ਸਿੰਘ ਵਾਸੀ ਬਰਸਾਲ ਦੇ ਖਿਲਾਫ ਜਬਰਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਪਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

Exit mobile version