ਬਿਊਰੋ ਰਿਪੋਰਟ (ਚੰਡੀਗੜ੍ਹ, 25 ਨਵੰਬਰ 2025): ਪੰਜਾਬ ਵਿੱਚ ਰਾਤਾਂ ਹੁਣ ਬਹੁਤ ਠੰਢੀਆਂ ਹੋ ਗਈਆਂ ਹਨ। ਸੂਬੇ ਦੇ ਸਾਰੇ ਇਲਾਕਿਆਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਚੁੱਕਾ ਹੈ। ਪਿਛਲੇ 24 ਘੰਟਿਆਂ ਵਿੱਚ, ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
4.4 ਡਿਗਰੀ ਨਾਲ ਫ਼ਰੀਦਕੋਟ ਸਭ ਤੋਂ ਠੰਢਾ
ਸੂਬੇ ਵਿੱਚ ਫਰੀਦਕੋਟ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੀ ਮੌਸਮ ਖੁਸ਼ਕ ਰਹੇਗਾ ਅਤੇ ਕੁਝ ਥਾਵਾਂ ’ਤੇ ਹਲਕਾ ਕੋਹਰਾ (ਸਮੋਗ) ਪੈ ਸਕਦਾ ਹੈ। ਫਿਲਹਾਲ, ਬਾਰਿਸ਼ ਆਦਿ ਦਾ ਕੋਈ ਅਲਰਟ ਨਹੀਂ ਹੈ।
28 ਨਵੰਬਰ ਤੋਂ ਬਾਅਦ ਵਧੇਗੀ ਠੰਢ
ਮੌਸਮ ਵਿਭਾਗ ਅਨੁਸਾਰ 28 ਨਵੰਬਰ ਤੋਂ ਬਾਅਦ ਮੌਸਮ ਵਿੱਚ ਵੱਡਾ ਬਦਲਾਅ ਆਵੇਗਾ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਜਲੰਧਰ, ਕਪੂਰਥਲਾ, ਪਟਿਆਲਾ, ਸੰਗਰੂਰ, ਫਤਿਹਗੜ੍ਹ, ਲੁਧਿਆਣਾ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਇਹ 6 ਤੋਂ 8 ਡਿਗਰੀ ਤੱਕ ਰਹਿ ਸਕਦਾ ਹੈ।
ਉੱਤਰੀ ਅਤੇ ਉੱਤਰ-ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਰਹਿਣ ਦੀ ਉਮੀਦ ਹੈ। ਬਾਕੀ ਜ਼ਿਲ੍ਹਿਆਂ ਵਿੱਚ ਇਹ 24 ਤੋਂ 26 ਡਿਗਰੀ ਤੱਕ ਰਹਿ ਸਕਦਾ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਹਵਾ ਪ੍ਰਦੂਸ਼ਿਤ
ਭਾਵੇਂ ਝੋਨੇ ਦੀ ਕਟਾਈ ਦਾ ਸੀਜ਼ਨ ਲਗਭਗ ਖ਼ਤਮ ਹੋ ਚੁੱਕਾ ਹੈ, ਪਰ ਸੂਬੇ ਦੀ ਹਵਾ ਦੀ ਗੁਣਵੱਤਾ (Air Quality) ਵਿੱਚ ਸੁਧਾਰ ਨਹੀਂ ਹੋ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ਦਾ AQI (ਏਅਰ ਕੁਆਲਿਟੀ ਇੰਡੈਕਸ) ਅਜੇ ਵੀ 100 ਤੋਂ ਉੱਪਰ ਚੱਲ ਰਿਹਾ ਹੈ।

