ਬਿਉਰੋ ਰਿਪੋਰਟ: ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 9 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫਰੀਦਕੋਟ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹਾਲਾਂਕਿ ਅੱਜ ਸਵੇਰੇ ਚੰਡੀਗੜ੍ਹ, ਮੁਹਾਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਇੱਥੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਵੀ ਭਾਰੀ ਮੀਂਹ ਦੀਆਂ ਖ਼ਬਰਾਂ ਆ ਰਹੀਆਂ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰੀ ਮੀਂਹ। pic.twitter.com/rVFlnvAbiN
— Shiromani Gurdwara Parbandhak Committee (@SGPCAmritsar) July 5, 2024
ਮੀਂਹ ਦੇ ਨਾਲ-ਨਾਲ ਇੱਥੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ‘ਚ ਦਬਾਅ ਵਾਲੇ ਹਾਲਾਤ ਨਹੀਂ ਬਣ ਰਹੇ, ਜਿਸ ਕਾਰਨ ਮੀਂਹ ਕੁਝ ਥਾਵਾਂ ‘ਤੇ ਹੀ ਸੀਮਤ ਹੋ ਰਿਹਾ ਹੈ।
ਅਲਰਟ ਦੇ ਬਾਵਜੂਦ ਪੰਜਾਬ ‘ਚ ਸ਼ੁੱਕਰਵਾਰ ਨੂੰ ਮੀਂਹ ਨਹੀਂ ਪਿਆ ਅਤੇ ਤਾਪਮਾਨ ‘ਚ ਵਾਧਾ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 1.2 ਡਿਗਰੀ ਦੇ ਵਾਧੇ ਕਾਰਨ ਲੋਕ ਨਮੀ ਤੋਂ ਪ੍ਰੇਸ਼ਾਨ ਹਨ। ਸ਼ੁੱਕਰਵਾਰ ਨੂੰ ਪਠਾਨਕੋਟ ਵਿੱਚ 23 ਮਿਲੀਮੀਟਰ ਅਤੇ ਮੋਗਾ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦਕਿ ਰਾਤ ਨੂੰ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਮੀਂਹ ਪਿਆ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ।
ਜੇ ਮਾਨਸੂਨ ਦਾ ਰੁਖ ਬਦਲਿਆ ਤਾਂ ਪੰਜਾਬ ਵਿੱਚ ਦੋ ਦਿਨ ਪਏਗਾ ਮੀਂਹ
ਮਾਨਸੂਨ ਟ੍ਰੌਫ (ਘੱਟ ਦਬਾਅ ਵਾਲੇ ਖੇਤਰ) ਦੀ ਗੱਲ ਕਰੀਏ ਤਾਂ ਇਹ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਬੀਕਾਨੇਰ, ਸੀਕਰ ਖੇਤਰ ਵਿੱਚ ਸਰਗਰਮ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਜੇ ਮਾਨਸੂਨ ਦਾ ਰੁਖ ਪੰਜਾਬ ਵੱਲ ਵਧਦਾ ਹੈ ਤਾਂ 6 ਅਤੇ 7 ਜੁਲਾਈ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ 8 ਜੁਲਾਈ ਤੋਂ ਬਾਅਦ ਪੰਜਾਬ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ।