ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ 48 ਘੰਟੇ ਦੇ ਅੰਦਰ ਪੰਜਾਬ ਵਿੱਚ ਭਾਰੀ ਮੀਂਹ ਹੋ ਸਕਦਾ ਹੈ
‘ਦ ਖ਼ਾਲਸ ਬਿਊਰੋ : ਅਗਲੇ 48 ਘੰਟਿਆਂ ਦੇ ਲਈ ਮੌਸਮ ਵਿਭਾਗ ਨੇ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਜ਼ਾਦੀ ਦਿਹਾੜੇ ਦੇ ਜਸ਼ਨਾਂ ‘ਤੇ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਜ਼ਿਆਦਤਰ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ,14 ਤਰੀਕ ਦੀ ਸ਼ਾਮ ਨੂੰ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਜਾਵੇਗਾ, ਅਗਲੇ ਹਫ਼ਤੇ ਲਈ ਵੀ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ।
ਮੀਂਹ ਨਾ ਪੈਣ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਸੀ ਉਤੋਂ ਹੂਮਸ ਵੀ ਲੋਕਾਂ ਦਾ ਬੁਰਾ ਹਾਲ ਕਰ ਰਹੀ ਸੀ। ਸ਼ਹਿਰਾਂ ਵਿੱਚ ਤਾਪਮਾਨ 35 ਡਿਗਰੀ ਪਹੁੰਚ ਗਿਆ ਸੀ ਜੋ ਕਿ ਆਮ ਨਾਲੋਂ 3 ਡਿਗਰੀ ਵੱਧ ਸੀ। ਜਦਕਿ ਰਾਤ ਨੂੰ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਸੀ,ਰਾਤ ਦਾ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 6 ਡਿਗਰੀ ਵੱਧ ਸੀ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 48 ਘੰਟਿਆਂ ਦੇ ਅੰਦਰ 20 ਤੋਂ 25 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਮੀਂਹ ਪਵੇਗਾ।
ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਘੱਟ ਮੀਂਹ ਪਿਆ ਹੈ,ਪਰ 15 ਅਗਸਤ ਨੂੰ ਸ਼ੁਰੂ ਹੋਣ ਵਾਲੇ ਹਫ਼ਤੇ ਵਿੱਚ ਸਾਰੀ ਕਸਰ ਪੂਰੀ ਹੋ ਸਕਦੀ ਹੈ। ਅਗਸਤ ਮਹੀਨੇ ਵਿੱਚ ਸਿਰਫ਼ 60.9 ਮਿਲੀਮੀਟਰ ਹੀ ਮੀਂਹ ਪਿਆ ਹੈ ਜਦਕਿ ਜੁਲਾਈ ਵਿੱਚ 10 ਸਾਲਾਂ ਦਾ ਰਿਕਾਰਡ ਟੁੱਟ ਗਿਆ ਸੀ ਪੰਜਾਬ ਵਿੱਚ 473.3 ਮਿਲੀਮੀਟਰ ਮੀਂਹ ਪਿਆ ਸੀ।