Punjab

ਪੰਜਾਬ ਦੇ 12 ਜ਼ਿਲ੍ਹਿਆਂ ‘ਚ ਹੀਟਵੇਵ ਦੀ ਚੇਤਾਵਨੀ! ਪਾਰਾ 47 ਪਾਰ, ਮੀਂਹ ਦੇ ਨਹੀਂ ਕੋਈ ਆਸਾਰ

ਪੰਜਾਬ ‘ਚ ਲੋਕਾਂ ਨੂੰ ਫਿਲਹਾਲ ਗਰਮੀ ਅਤੇ ਲੂ ਦਾ ਸਾਹਮਣਾ ਕਰਨਾ ਪਵੇਗਾ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਤੇ ਲੂ ਲਈ ਯੈਲੋ ਅਲਰਟ ਅਤੇ 11 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਹੁਣ 42 ਡਿਗਰੀ ਨੂੰ ਪਾਰ ਕਰ ਗਿਆ ਹੈ।

ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 47.5 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਹਾਲਾਂਕਿ ਗਰਮੀ ਦਾ ਅਸਰ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ‘ਤੇ ਨਜ਼ਰ ਆਉਣ ਲੱਗਾ ਹੈ। ਹਰ ਚੀਜ਼ ਦੀਆਂ ਕੀਮਤਾਂ ਵਧ ਗਈਆਂ ਹਨ।

ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਸੰਗਰੂਰ, ਫਤਹਿਗੜ੍ਹ ਸਾਹਿਬ, ਪਟਿਆਲਾ, ਰੂਪਨਗਰ, ਮੁਹਾਲੀ ਅਤੇ ਪਟਿਆਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਮਾਨਸਾ, ਬਰਨਾਲਾ, ਲੁਧਿਆਣਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਫਿਰੋਜ਼ਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ 16 ਜੂਨ ਤੱਕ ਲੂ ਅਤੇ ਹੀਟ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਹੈ। ਜਿੱਥੇ ਤਾਪਮਾਨ 47.5 ਡਿਗਰੀ ਦਰਜ ਕੀਤਾ ਗਿਆ ਹੈ। ਜਦੋਂ ਕਿ ਪਠਾਨਕੋਟ ਵਿੱਚ 45.8 ਡਿਗਰੀ, ਪਟਿਆਲਾ ਵਿੱਚ 45.3, ਲੁਧਿਆਣਾ ਵਿੱਚ 45.0, ਅੰਮ੍ਰਿਤਸਰ ਵਿੱਚ 46.0 ਅਤੇ ਗੁਰਦਾਸਪੁਰ ਵਿੱਚ 45.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐਸਬੀਐਸ ਨਗਰ ਵਿੱਚ 43.6, ਬਠਿੰਡਾ ਵਿੱਚ 47.4, ਮੋਗਾ ਵਿੱਚ 43.7, ਮੁਹਾਲੀ ਵਿੱਚ 44.5 ਅਤੇ ਰੂਪਨਗਰ ਵਿੱਚ 43.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।