ਬਿਉਰੋ ਰਿਪੋਰਟ : ਪੰਜਾਬ ਵਿੱਚ ਮੌਸਮ ਵਿਭਾਗ ਦੀ ਭਵਿੱਖਵਾੜੀ ਬਿਲਕੁਲ ਸਹੀ ਸਾਬਿਤ ਹੋ ਰਹੀ ਹੈ । 27 ਦਸੰਬਰ ਨੂੰ ਪੰਜਾਬ ਦਾ ਸ਼ਾਇਦ ਕੋਈ ਅਜਿਹਾ ਇਲਾਕਾ ਹੋਵੇਗਾ ਜਿੱਥੇ ਸੰਘਣੀ ਧੁੰਦ ਨਾ ਵੇਖਣ ਨੂੰ ਮਿਲੀ ਹੋਵੇ । ਜ਼ਿਆਦਾਤਰ ਸ਼ਹਿਰਾਂ ਵਿੱਚੋਂ 5 ਤੋਂ 10 ਮੀਟਰ ਤੱਕ ਵਿਜ਼ੀਬਿਲਟੀ ਸੀ । ਹਾਈਵੇ ‘ਤੇ ਗੱਡੀਆਂ ਦੀ ਰਫ਼ਤਾਰ ਬਹੁਤ ਦੀ ਘੱਟ ਨਜ਼ਰ ਆਈ । ਪੰਜਾਬ ਦੇ 75 ਸ਼ਹਿਰਾਂ ਵਿੱਚ ਪਹਿਲਾਂ ਹੀ ਧੁੰਦ ਦਾ ਰੈਡ ਅਲਰਟ ਜਾਰੀ ਸੀ । ਧੁੰਦ ਦੇ ਨਾਲ ਪੰਜਾਬ ਦੀ ਏਅਰ ਕੁਆਲਿਟੀ ਵੀ ਡਿੱਗ ਗਈ ਹੈ,ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕਰਦੇ ਹੋਏ ਫੋਗ ਲਾਈਟ ਦੀ ਵਰਤੋਂ ਕਰਨ ਦੀ ਨਸੀਹਤ ਦਿੱਤੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ । ਚਿਹਰੇ ਨੂੰ ਡੱਕ ਕੇ ਰੱਖੋ।
ਇੰਨਾ ਸ਼ਹਿਰਾਂ ਵਿੱਚ ਧੁੰਦ ਦਾ ਕਹਿਰ
ਮੌਸਮ ਵਿਭਾਗ ਨੇ ਸਰਦੂਲਗੜ੍ਹ,ਬੁਢਲਾਡਾ,ਲਹਿਰਾ, ਮਾਨਸਾ,ਸੁਨਾਮ,ਸੰਗਰੂਰ,ਬਰਨਾਲਾ,ਧੁਰੀ,ਮਲੇਰਕੋਟਲਾ,ਮੂਨਕ,ਪਾਤੜਾ,ਪਟਿਆਲਾ,ਨਾਭਾ,ਡੇਰਾਬੱਸੀ,ਫਤਿਹਗੜ੍ਹ ਸਾਹਿਬ,ਮੁਹਾਲੀ,ਤਲਵੰਡੀ,ਫਿਰੋਜ਼ੁਪਰ,ਫਾਜ਼ਿਲਕਾ,ਸ਼੍ਰੀ ਮੁਕਤਸਰ ਸਾਹਿਬ,ਲੁਧਿਆਣਾ,ਸਮਰਾਲਾ,ਰੋਪੜ,ਫਰੀਦਕੋਟ,ਜਲੰਧਰ,ਅੰਮ੍ਰਿਤਸਰ,ਅਜਨਾਲਾ,ਗੁਰਦਾਸਪੁਰ ਵਿੱਚ ਧੁੰਦ ਦਾ ਅਲਰਟ ਕੀਤਾ ਹੈ।
ਸਭ ਤੋਂ ਠੰਡਾ ਲੁਧਿਆਣਾ
ਧੁੰਦ ਨੇ ਭਾਵੇਂ ਲੋਕਾਂ ਦਾ ਸੜਕਾਂ ‘ਤੇ ਬੁਰਾ ਹਾਲ ਕੀਤਾ ਹੈ,ਪਰ ਰਾਤ ਅਤੇ ਸਵੇਰ ਦਾ ਤਾਪਮਾਨ ਬੀਤੇ ਦਿਨ ਦੇ ਮੁਕਾਬਲੇ 0.3 ਡਿਗਰੀ ਵਧਿਆ ਹੈ। ਲੁਧਿਆਣਾ ਇੱਕ ਵਾਰ ਮੁੜ 5.2 ਡਿਗਰੀ ਨਾਲ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾਂ ਬਣ ਗਿਆ ਹੈ। ਇੱਥੇ ਪਿਛਲੇ ਚਾਰ ਦਿਨਾਂ ਵਿੱਚ ਪਾਰਾ 9 ਡਿਗਰੀ ਦੇ ਆਲੇ-ਦੁਆਲੇ ਦਰਜ ਕੀਤਾ ਜਾ ਰਿਹਾ ਸੀ। ਲਾਗਤਾਰ ਤਿੰਨ ਦਿਨ ਤੋਂ ਬਾਅਦ ਮੁਹਾਲੀ ਵਿੱਚ ਮੁੜ ਤੋਂ ਰਾਤ ਅਤੇ ਸਵੇਰ ਦਾ ਤਾਪਮਾਨ ਡਬਲ ਅੰਕੜੇ ਵਿੱਚ ਆ ਗਿਆ ਹੈ । ਇੱਥੇ 10.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ,ਪਟਿਆਲਾ,ਗੁਰਦਾਸਪੁਰ,ਜਲੰਧਰ ਵਿੱਚ ਬੀਤੇ ਦਿਨ ਵਾਂਗ ਵੀ ਤਾਪਮਾਨ 8 ਡਿਗਰੀ ਦੇ ਆਲੇ ਦੁਆਲੇ ਹੈ। ਫਿਰੋਜ਼ਪੁਰ ਦਾ ਤਾਪਮਾਨ ਵੀ ਹੈਰਾਨ ਕਰਨ ਵਾਲਾ ਹੈ ਇੱਥੇ ਵੀ ਠੰਡ ਹੋਰ ਜ਼ਿਲਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਇੱਥੇ ਘੱਟੋ-ਘੱਟ ਤਾਪਮਾਨ 10.2 ਡਿਗਰੀ ਦਰਜ ਕੀਤਾ ਗਿਆ ਹੈ। ਉਧਰ ਹਿਮਾਚਲ ਵਿੱਚ 30 ਦਸੰਬਰ ਤੋਂ ਪੱਛਮੀ ਗੜਬੜੀ ਦਾ ਅਸਰ ਵੇਖਿਆ ਜਾਵੇਗਾ। 30 ਅਤੇ 31 ਦਸੰਬਰ ਨੂੰ ਕੁਝ ਇਲਾਕਿਆਂ ਵਿੱਚ ਬਰਫਬਾਰੀ ਹੋ ਸਕਦੀ ਹੈ । ਪਰ 1 ਜਨਵਰੀ ਨੂੰ ਚੰਬਾ,ਲਾਹੌਰ,ਕਿਨੌਰ,ਸ਼ਿਮਲਾ,ਕੁੱਲੀ,ਮੰਡੀ ਵਿੱਚ ਬਰਫਾਰੀ ਹੋ ਸਕਦੀ ਹੈ ।
ਦਿੱਲੀ ਵਿੱਚ ਰੈਡ ਅਲਰਟ
ਉਧਰ ਰਾਜਧਾਨੀ ਦਿੱਲੀ ਵਿੱਚ ਧੁੰਦ ਦਾ ਰੈਡ ਅਲਰਟ ਹੈ ਜਿਸ ਨਾਲ ਰੇਲ,ਹਵਾਈ ਅਤੇ ਸੜਕੀ ਆਵਾਜਾਹੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ । ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਹੈ। ਦਿੱਲੀ ਏਅਰੋਪਰਟ ਤੋਂ 110 ਫਲਾਇਟਾਂ ਲੇਟ ਹਨ।
ਮੌਸਮ ਵਿਭਾਗ ਨੇ 14 ਸੂਬਿਆਂ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਸੀ ਜੋ ਬਿਲਕੁਲ ਸਹੀ ਸਾਬਿਤ ਹੋ ਰਿਹਾ ਹੈ ।ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ,ਇੰਦੌਰ ਵਿੱਚ ਸੰਘਣੀ ਧੁੰਦ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 30 ਦਸੰਬਰ ਤੋਂ 4 ਜਨਵਰੀ ਦੇ ਵਿਚਾਲੇ ਮੀਂਹ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ ।