ਬਿਉਰੋ ਰਿਪੋਰਟ: ਪੰਜਾਬ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਇੱਕਦਮ ਮੌਸਮ ਬਦਲ ਗਿਆ ਹੈ। ਹਵਾਵਾਂ ਨਾਲ ਗਰਮੀ ਤੇ ਹੁੰਮਸ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਮੁਤਾਬਕ ਦਿੱਲੀ ਐਨਸੀਆਰ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਬਾਰਿਸ਼ ਹੋਵੇਗੀ।
ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ, ਡੇਰਾਬਸੀ ਅਤੇ ਰਾਜਪੁਰਾ ਵਿਚ ਮੀਂਹ ਪੈ ਰਿਹਾ ਹੈ ਜਦਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਅਤੇ ਐਸਬੀਐਸ ਨਗਰ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਮੰਗਲਵਾਰ ਨੂੰ ਹੀ ਰਾਜਸਥਾਨ ਦੇ ਪੱਛਮੀ ਹਿੱਸੇ ਅਤੇ ਕੱਛ ਅਤੇ ਗੁਜਰਾਤ ਦੇ ਭੁਜ ਤੋਂ ਦੱਖਣੀ-ਪੱਛਮੀ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ। ਇਸ ਕਾਰਨ ਰਸਤੇ ਵਿਚ ਪੈਂਦੇ ਹਰ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੌਰਾਨ ਤੇਜ਼ ਹਨੇਰੀ ਦੇ ਨਾਲ ਮੀਂਹ ਪੈ ਸਕਦਾ ਹੈ।
ਮਾਨਸੂਨ ਦੀ ਵਾਪਸੀ ਰੇਖਾ ਗੁਜਰਾਤ ਤੋਂ ਪੰਜਾਬ ਵਿੱਚ ਫ਼ਿਰੋਜ਼ਪੁਰ, ਹਰਿਆਣਾ ਦੇ ਸਿਰਸਾ, ਰਾਜਸਥਾਨ ਦੇ ਚੁਰੂ, ਅਜਮੇਰ, ਮਾਉਂਟ ਆਬੂ ਅਤੇ ਡੀਸਾ ਤੋਂ ਹੁੰਦੀ ਹੋਈ ਬਣ ਰਹੀ ਹੈ। ਇਸ ਕਾਰਨ 24-26 ਸਤੰਬਰ ਦਰਮਿਆਨ ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਗੁਜਰਾਤ ਅਤੇ ਤੱਟਵਰਤੀ ਕਰਨਾਟਕ ਦੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕੋਂਕਣ ਗੋਆ ਅਤੇ ਮੱਧ ਮਹਾਰਾਸ਼ਟਰ ਵਿਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
ਆਈਐਮਡੀ ਨੇ ਕਿਹਾ ਕਿ ਮਾਨਸੂਨ ਇਸ ਸਮੇਂ ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਆਸਪਾਸ ਦੇ ਖੇਤਰਾਂ ਤੋਂ ਹਟ ਰਿਹਾ ਹੈ। ਪੱਛਮੀ ਮੱਧ ਬੰਗਾਲ ਦੀ ਖਾੜੀ ਵਿੱਚ ਇੱਕ ਵਾਰ ਫਿਰ ਘੱਟ ਦਬਾਅ ਬਣ ਰਿਹਾ ਹੈ। ਇਸ ਕਾਰਨ ਬੁੱਧਵਾਰ ਨੂੰ ਪੂਰਬੀ ਤੱਟ ’ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।