Punjab

ਮਨਪ੍ਰੀਤ ਬਾਦਲ ਨੂੰ ਮੁੜ ਤੋਂ ਆਇਆ ਵਿਜੀਲੈਂਸ ਦਾ ਬੁਲਾਵਾ ! ਪਿਛਲੀ ਵਾਰ ਪਿੱਠ ਦਾ ਦਰਦ ਕਰਕੇ ਨਹੀਂ ਪੇਸ਼ ਹੋਏ ਸਨ !

ਬਿਉਰੋ ਰਿਪੋਰਟ : ਬਠਿੰਡਾ ਲੈਂਡ ਅਲਾਟਮੈਂਟ ਕੇਸ ਵਿੱਚ ਫਸੇ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਿਜੀਲੈਂਸ ਨੇ ਮੁੜ ਤੋਂ ਸੰਮਨ ਜਾਰੀ ਕਰ ਦਿੱਤਾ ਹੈ । ਵਿਜੀਲੈਂਸ ਨੇ ਮਨਪ੍ਰੀਤ ਨੂੰ 31 ਅਕਤੂਬਰ ਨੂੰ ਪੁੱਛ-ਗਿੱਛ ਦੇ ਲਈ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । ਮਨਪ੍ਰੀਤ ਬਾਦਲ ਇਸ ਧੋਖਾਧੜੀ ਕੇਸ ਵਿੱਚ ਅਗਾਊ ਜ਼ਮਾਨਤ ‘ਤੇ ਹਨ ।

PGI ਦੇ ਡਾਕਟਰਾਂ ਨੇ ਇੱਕ ਹਫਤੇ ਦਾ ਬੈਡ ਰੈਸਟ ਦਾ ਸਰਟੀਫਿਕੇਟ ਦਿੱਤਾ ਸੀ । ਜਿਸ ਨੂੰ ਉਨ੍ਹਾਂ ਨੇ ਵਿਜੀਲੈਂਸ ਨੂੰ ਭੇਜਿਆ ਸੀ । ਹਾਈਕੋਰਟ ਦੇ ਨਿਰਦੇਸ਼ ‘ਤੇ ਵਿਜੀਲੈਂਸ ਨੇ ਮਨਪ੍ਰੀਤ ਦਾ ਪਾਸਪੋਰਟ ਵੀ ਜਮਾ ਕਰ ਲਿਆ ਹੈ । ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਪਿੱਠ ਦੀ ਬਿਮਾਰੀ ਨਾਲ ਪੀੜਤ ਹਨ । ਰੀੜ ਦੀ ਹੱਡੀ ਵਿੱਚ ਦਰਦ ਨਾਲ ਉਹ ਪਰੇਸ਼ਾਨ ਹਨ। ਜਿਸ ਦੇ ਕਾਰਨ ਉਹ ਚੱਲਣ ਵਿੱਚ ਅਸਮਰਥ ਹਨ । ਹੁਣ ਮੁੜ ਤੋਂ ਬੁਲਾਏ ਜਾਣ ‘ਤੇ ਵਿਜੀਲੈਂਸ ਦੇ ਸਾਹਮਣੇ ਮਨਪ੍ਰੀਤ ਬਾਦਲ ਪੇਸ਼ ਹੋਣਗੇ ਜਾਂ ਨਹੀਂ ਇਹ ਵੱਡਾ ਸਵਾਲ ਹੈ । ਕਿਉਂਕਿ ਮਨਪ੍ਰੀਤ ਬਾਦਲ ਦੇ ਵਕੀਲ ਨੇ ਵਿਜੀਲੈਂਸ ਨੂੰ ਅਪੀਲ ਕੀਤੀ ਸੀ ਕਿ ਉਹ ਚੰਡੀਗੜ੍ਹ ਉਨ੍ਹਾਂ ਦੇ ਘਰ ਆਕੇ ਪੁੱਛ-ਗਿੱਛ ਕਰ ਸਕਦੇ ਹਨ ।

24 ਸਤੰਬਰ ਨੂੰ ਬਠਿੰਡਾ ਦੇ ਮਾਡਲ ਟਾਊਨ ਇਲਾਕੇ ਵਿੱਚ BED ਅਧਿਕਾਰੀਆਂ ਦੀ ਮਦਦ ਨਾਲ 1560 ਗੱਜ ਦਾ ਪਲਾਟ ਖਰੀਦਨ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ 5 ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ।

ਇਸ ਮਾਮਲੇ ਵਿੱਚ ਪਲਾਟ ਦੇ ਲਈ ਬੋਲੀ ਲਗਾਉਣ ਵਾਲੇ ਤਿੰਨ ਨਿੱਜੀ ਵਿਅਕਤੀ ਹੋਟਲ ਵਪਾਰੀ ਰਾਜੀਵ ਕੁਮਾਰ,ਵਿਕਾਸ ਅਰੋੜਾ ਅਤੇ ਇੱਕ ਠੇਕੇਦਾਰ ਦਾ ਮੁਲਾਜ਼ਮ ਅਮਨਦੀਪ ਗ੍ਰਿਫਤਾਰੀ ਦੇ ਬਾਅਦ ਹੁਣ ਜੇਲ੍ਹ ਵਿੱਚ ਹਨ । ਜਿੰਨਾਂ ਦੀ ਜ਼ਮਾਨਤ ਅਰਜ਼ੀ ਬਠਿੰਡਾ ਕੋਰਟ ਨੇ ਖਾਰਜ ਕਰ ਦਿੱਤੀ ।