ਬਿਊਰੋ ਰਿਪੋਰਟ : ਭ੍ਰਿਸ਼ਟਾਚਾਰ ਦੇ ਵੱਖ-ਵੱਖ ਮਾਮਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਹੁਣ ਵਿਜੀਲੈਂਸ ਨੇ ਵੱਡਾ ਐਕਸ਼ਨ ਲੈਣ ਦੇ ਲਈ ਕਮਰ ਕੱਸ ਲਈ ਹੈ। ਉਨ੍ਹਾਂ ਦੇ ਖਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ । ਜਿਸ ਦਾ ਮਤਲਬ ਹੈ ਕਿ ਹੁਣ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ ਹਨ। ਚੰਨੀ ਨੂੰ ਵੀ ਇਸ ਸਰਕੂਲਰ ਬਾਰੇ ਪਤਾ ਚੱਲ ਗਿਆ ਸੀ ਇਸੇ ਲਈ ਉਨ੍ਹਾਂ ਨੇ ਬੀਤੇ ਦਿਨ ਮੀਡੀਆ ਦੇ ਸਾਹਮਣੇ ਆ ਕੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਨੇ ਆਪਣਾ ਕੈਲੀਫੋਨੀਆ ਦਾ ਟੂਰ ਕੈਂਸਲ ਕਰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਧਾਰਮਿਕ ਸਮਾਗਮ ਦੇ ਲਈ ਜਾਣਾ ਸੀ ਪਰ ਜੇਕਰ ਮੈਂ ਜਾਂਦਾ ਤਾਂ ਮਾਨ ਸਰਕਾਰ ਨੇ ਕਹਿਣਾ ਕਿ ਮੈਂ ਭੱਜ ਗਿਆ ਹਾਂ ਇਸੇ ਵਿਦੇਸ਼ ਜਾਣ ਦਾ ਪ੍ਰੋਗਰਾਮ ਕੈਂਸਲ ਕੀਤਾ ਹੈ। ਜਦਕਿ ਹਕੀਕਤ ਇਹ ਹੈ ਕਿ ਲੁੱਕ ਆਊਟ ਸਰਕੂਲਰ ਤਿੰਨ ਦਿਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ। ਚੰਨੀ ਖਿਲਾਫ ਤਿੰਨ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਜਿਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਜਟ ਇਜਲਾਸ ਵਿੱਚ ਵੀ ਕੀਤਾ ਸੀ ।
ਚੰਨੀ ਖਿਲਾਫ਼ ਤਿੰਨ ਮਾਮਲਿਆਂ ਦੀ ਜਾਂਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਜਟ ਇਜਲਾਸ ਦੌਰਾਨ ਜਦੋਂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨਾਲ ਗਰਮਾ ਗਰਮ ਬਹਿਸ ਹੋ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੇ ਸਾਬਕਾ ਮੁੱਖ ਮੰਤਰੀ ਨੂੰ ਵੀ ਜਲਦ ਕਾਬੂ ਕਰਾਂਗੇ। ਉਨ੍ਹਾਂ ਨੇ ਗੈਰ ਕਾਨੂੰਨੀ ਮਾਇੰਗ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਂ ਲਿਆ ਸੀ । ਇਸ ਮਾਮਲੇ ਵਿੱਚ ਪਹਿਲਾਂ ਹੀ ਈਡੀ ਚੰਨੀ ਤੋਂ ਪੁੱਛ-ਗਿੱਛ ਕਰ ਚੁੱਕੀ ਹੈ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੇ ਇੱਕ ਬਿਲੰਡਰ ਨੂੰ ਵੀ ਵਿਜੀਲੈਂਸ ਨੇ ਕੁਝ ਦਿਨ ਪਹੀਲਾਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਚੰਨੀ ਖਿਲਾਫ ਐਕਸ਼ਨ ਦੀਆਂ ਤਿਆਰੀ ਤੇਜ਼ ਹੋ ਗਈਆਂ ਹਨ । ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਜਦੋ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ ਤਾਂ ਉਨ੍ਹਾਂ ਨੇ ਦਾਸਤਾਨੇ ਸ਼ਹਾਦਤ ਇੱਕ ਪ੍ਰੋਗਰਾਮ ਕਰਵਾਇਆ ਸੀ ਇਸ ਵਿੱਚ ਕਈ ਵਿਕਾਸ ਫੰਡਾਂ ਨੂੰ ਟਰਾਂਸਫਰ ਕੀਤਾ । ਇਸ ਦੀ ਜਾਂਚ ਵੀ ਵਿਜੀਲੈਂਸ ਕਰ ਰਹੀ । ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀ ਉਹ ਵਿਜੀਲੈਂਸ ਦੀ ਰਡਾਰ ‘ਤੇ ਹਨ । ਉਧਰ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਵਿਜੀਲੈਂਸ ਮੈਨੂੰ ਬੁਲਾਏਗੀ ਮੈਂ ਹਾਜ਼ਰ ਹੋ ਜਾਵਾਂਗਾ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗਾ । ਇਸ ਤੋਂ ਪਹਿਲਾਂ ਕੈਪਟਨ ਸਰਕਾਰ ਦੇ 4 ਮੰਤਰੀ ਪਹਿਲਾਂ ਹੀ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਹਨ ।
ਕੈਪਟਨ ਸਰਕਾਰ ਦੇ 4 ਮੰਤਰੀਆਂ ਖਿਲਾਫ਼ ਭ੍ਰਿਸ਼ਟਚਾਰ ਦੇ ਮਾਮਲੇ
ਕੈਪਟਨ ਸਰਕਾਰ ਦੇ 4 ਮੰਤਰੀ ਪਹਿਲਾਂ ਹੀ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਹਨ । ਸਾਧੂ ਸਿੰਘ ਧਰਮਸੋਤ ਜੰਗਰਾਤ ਮਹਿਕਮੇ ਵਿੱਚ ਕਮਿਸ਼ਨ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਹੋਏ ਸਨ ਫਿਰ ਬਾਹਰ ਆਏ ਤਾਂ ਹੁਣ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੁੜ ਤੋਂ ਜੇਲ੍ਹ ਵਿੱਚ ਹਨ । ਭਾਰਤ ਭੂਸ਼ਣ ਆਸ਼ੂ ਖੁਰਾਕ ਮਹਿਕਮੇ ਵਿੱਚ ਕਮਿਸ਼ਨ ਦੇ ਇਲਜ਼ਾਮ ਵਿੱਚ 4 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਇਲਾਵਾ ਸੁੰਦਰ ਸ਼ਾਮ ਅਰੋੜਾ ਵੀ ਆਮਦਨ ਤੋਂ ਵੱਧ ਜਾਇਦਾਦ ਅਤੇ ਵਿਜੀਲੈਂਸ ਅਫਸਰ ਨੂੰ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਰਹੇ ਹਨ । ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਸੋਨੀ ਖਿਲਾਫ ਵੀ ਕੋਵਿਡ ਕਿੱਟ ਨੂੰ ਲੈਕੇ ਜਾਂਚ ਚੱਲ ਰਹੀ ਹੈ। ਵਿਜੀਲੈਂਸ ਕਈ ਵਾਰ ਉਨ੍ਹਾਂ ਨੂੰ ਸੱਦ ਚੁੱਕੀ ਹੈ । ਕਾਂਗਰਸ ਦੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਖਿਲਾਫ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਹੋ ਰਹੀ ਹੈ। ਉਨ੍ਹਾਂ ਦੇ ਮੋਹਾਲੀ ਵਾਲੇ ਘਰ ਦੀ ਵਿਜੀਲੈਂਸ ਕਈ ਵਾਰ ਮੈਪਿੰਗ ਕਰ ਚੁੱਕਿਆ ਹੈ। ਉਨ੍ਹਾਂ ਤੋਂ ਪੁੱਛ-ਗਿੱਛ ਵੀ ਹੋ ਚੁੱਕੀ ਹੈ । ਪੰਚਾਇਤ ਫੰਡ ਘੁਟਾਲੇ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਸਪੁਰ ਖਿਲਾਫ਼ ਵੀ ਵਿਜੀਲੈਂਸ ਜਾਂਚ ਕਰ ਰਹੀ ਹੈ । ਇਸ ਮਾਮਲੇ ਵਿੱਚ ਉਨ੍ਹਾਂ ਦੀ ਖਾਸ ਰਹੀ ਇੱਕ ਸਰਪੰਚ ਮਹਿਲਾ ਨੂੰ ਵਿਜੀਲੈਂਸ ਨੇ ਕਰੋੜਾਂ ਦੀ ਗਰਾਂਟ ਜ਼ਬਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ।