ਬਿਉਰੋ ਰਿਪੋਰਟ: ਪੰਜਾਬ ਵਿਜੀਲੈਂਸ ਬਿਊਰੋ ਨੇ ਖੁਰਾਕ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਹਨ। ਜਲਦੀ ਹੀ ਜਾਇਦਾਦ ਦੀ ਨਿਲਾਮੀ ਕੀਤੀ ਜਾਵੇਗੀ। ਮੁਲਜ਼ਮ ’ਤੇ ਸੂਬੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੋਏ ਟੈਂਡਰ ਘੁਟਾਲੇ ਦਾ ਇਲਜ਼ਾਮ ਹੈ। ਇਸਦੇ ਨਾਲ ਹੀ, ਲੁਧਿਆਣਾ ਅਦਾਲਤ ਨੇ ਉਸ ਨੂੰ ਪੀਓ ਐਲਾਨਿਆ ਹੋਇਆ ਹੈ।
ਵਿਜੀਲੈਂਸ ਨੇ ਜਾਂਚ ਦੌਰਾਨ 12 ਜਾਇਦਾਦਾਂ ਦਾ ਪਤਾ ਲਗਾਇਆ ਹੈ। ਇਨ੍ਹਾਂ ਵਿੱਚੋਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਜਦੋਂਕਿ ਅੱਠ ਹੋਰ ਜਾਇਦਾਦਾਂ ’ਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਲਜ਼ਾਮ ਹੈ ਕਿ ਉਸ ਨੇ ਇਹ ਜਾਇਦਾਦ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਬਣਾਈ ਸੀ।
ਚੰਡੀਗੜ੍ਹ ਵਿੱਚ ਖ਼ਰੀਦੀਆਂ ਪੰਜ ਜਾਇਦਾਦਾਂ
ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਕੇਸ਼ ਕੁਮਾਰ ਸਿੰਗਲਾ ਦਾ ਅਬਾਦੀ ਗੁਰੂ ਅਮਰਦਾਸ ਨਗਰ, ਲੁਧਿਆਣਾ ਵਿੱਚ ਇੱਕ ਪਲਾਟ (298/66 ਵਰਗ ਗਜ਼), ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿੱਚ 150-150 ਵਰਗ ਗਜ਼ ਦੇ ਦੋ ਪਲਾਟ, ਰਾਜਗੁਰੂ ਨਗਰ ਲੁਧਿਆਣਾ ਵਿੱਚ ਇੱਕ ਮਕਾਨ ਨੰ. 164-ਏ (ਖੇਤਰ 300 ਵਰਗ ਗਜ਼) ਅਤੇ ਇੱਕ ਫਲੈਟ (ਏਰੀਆ 193.60 ਵਰਗ ਗਜ਼) ਨੰਬਰ-304, ਸ਼੍ਰੇਣੀ-ਏ ਦੂਜੀ ਮੰਜ਼ਿਲ, ਆਰਸੀਐਮ ਪੰਜਾਬ, ਸਹਿਕਾਰੀ ਸਭਾ ਗਜ਼ਟਿਡ ਅਫ਼ਸਰ, ਸੈਕਟਰ-48-ਏ ਚੰਡੀਗੜ੍ਹ ਵਿੱਚ ਪੰਜ ਜਾਇਦਾਦਾਂ ਖਰੀਦੀਆਂ ਸਨ। ਰਾਕੇਸ਼ ਸਿੰਗਲਾ ਨੇ ਸਾਰੀਆਂ ਜਾਇਦਾਦਾਂ 1 ਅਪ੍ਰੈਲ 2011 ਤੋਂ 31 ਜੁਲਾਈ 2022 ਦੌਰਾਨ ਪਤਨੀ ਰਚਨਾ ਸਿੰਗਲਾ ਦੇ ਨਾਂ ’ਤੇ ਖ਼ਰੀਦੀਆਂ ਸਨ।
ਵਿਜੀਲੈਂਸ ਨੇ ਛੇ ਹੋਰ ਜਾਇਦਾਦਾਂ ਦਾ ਲਗਾਇਆ ਪਤਾ
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਰਾਕੇਸ਼ ਸਿੰਗਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂ ’ਤੇ ਖਰੀਦੀਆਂ ਗਈਆਂ 6 ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ। ਇਨ੍ਹਾਂ ਵਿੱਚੋਂ 5 ਜਾਇਦਾਦਾਂ –
ਵਸੀਕਾ 1179/30 ਜੂਨ 2021 (ਖੇਤਰ 95.51 ਵਰਗ ਗਜ)
ਵਸੀਕਾ 1180/30 ਜੂਨ 2021 (ਖੇਤਰ 98.47 ਵਰਗ ਗਜ)
ਵਸੀਕਾ 1181/30 ਜੂਨ 2021 (ਏਰੀਆ 121.51 ਵਰਗ ਗਜ)
ਵਸੀਕਾ 1182/30 ਜੂਨ 2021 (ਖੇਤਰ 98.47 ਵਰਗ ਗਜ)
ਵਸੀਕਾ 1183/30 ਜੂਨ 2021 (ਖੇਤਰ 98.51 ਵਰਗ ਗਜ) ਸੈਲੀਬ੍ਰੇਸ਼ਨ ਬਾਜ਼ਾਰ, ਜੀ.ਟੀ. ਰੋਡ ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਸਥਿਤ ਹੈ।
ਇਸ ਤੋਂ ਇਲਾਵਾ 2 ਮਈ 2013 ਨੂੰ ਨਿਊ ਚੰਡੀਗੜ੍ਹ ਵਿਖੇ ਰਚਨਾ ਸਿੰਗਲਾ ਦੇ ਨਾਂ ’ਤੇ 79.4 ਵਰਗ ਮੀਟਰ ਦਾ ਇੱਕ SCO ਖਰੀਦਿਆ ਗਿਆ। ਮੁਲਜ਼ਮ ਇਨ੍ਹਾਂ ਸਾਰੀਆਂ 6 ਜਾਇਦਾਦਾਂ ਤੋਂ ਹਰ ਮਹੀਨੇ ਕਰੀਬ 2 ਲੱਖ ਰੁਪਏ ਕਮਾ ਰਿਹਾ ਹੈ।