Punjab

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਨੇ ਕੈਪਟਨ ਤੋਂ ਮੰਗੇ ਇਨ੍ਹਾਂ ਸਵਾਲਾਂ ਦੇ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਬਾਰੇ ਚੱਲ ਰਹੇ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਇਹ ਗੱਲ ਤਾਂ ਮੰਨ ਰਹੇ ਹਨ ਕਿ ਉਸ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਪਿਛਲੇ 16 ਸਾਲ ਤੋਂ ਇਥੇ ਆ ਕੇ ਉਸ ਦੇ ਪਾਸ ਠਹਿਰਦੀ ਸੀ ਪਰ ਪੰਜਾਬ ਦੇ ਲੋਕ ਤਾਂ ਇਸ ਅਤਿ ਗੰਭੀਰ ਮਾਮਲੇ ਨਾਲ ਜੁੜੀਆਂ ਸਾਰੀਆਂ ਕੜੀਆਂ ਬਾਰੇ ਵਿਸਥਾਰ ਨਾਲ ਜਾਨਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਲੋਕ ਜਾਨਣਾ ਚਾਹੁੰਦੇ ਹਨ ਕਿ ਅਰੂਸਾ ਆਲਮ ਨੂੰ ਇੰਨਾ ਲੰਬਾ ਸਮਾਂ ਬਿਨਾਂ ਰੋਕ-ਟੋਕ ਕੈਪਟਨ ਅਮਰਿੰਦਰ ਸਿੰਘ ਨਾਲ ਠਹਿਰਨ ਦਾ ਵੀਜ਼ਾ ਕੌਣ ਦਿਵਾਉਂਦਾ ਸੀ ? ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਭਣਵਈਏ ਕੰਵਰ ਨਟਵਰ ਸਿੰਘ ਦੀ ਕੀ ਭੂਮਿਕਾ ਸੀ ? ਕੀ ਕੈਪਟਨ ਨੂੰ ਇਹ ਜਾਣਕਾਰੀ ਨਹੀ ਸੀ ਕਿ ਅਰੂਸਾ ਆਲਮ ਦੀ ਪਾਕਿਸਤਾਨ ਦੇ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਫੈਜ਼ ਹਮੀਦ ਨਾਲ ਵੀ ਉਸ ਕਿਸਮ ਦੀ ਹੀ ਗੂੜ੍ਹੀ ਆਸ਼ਨਾਈ ਸੀ, ਜਿਸ ਕਿਸਮ ਦੇ ਰਿਸ਼ਤੇ ਉਸਨੇ ਕੈਪਟਨ ਅਮਰਿੰਦਰ ਸਿੰਘ ਨਾਲ ਬਣਾ ਰੱਖੇ ਸਨ ?

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰੇ ਜਾਣ ਬਾਅਦ ਦੇਸ਼ ਦੀ ਸਰੱਖਿਆ ਦੀ ਗੁਹਾਰ ਲਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਾਸ ਕਰਕੇ ਮੋਦੀ-ਸ਼ਾਹ ਜੁੰਡਲੀ ਦੇ ਹਰ ਪੰਜਾਬ ਵਿਰੋਧੀ ਫੈਸਲੇ ਦਾ ਅੰਨ੍ਹਾ ਸਮਰਥਨ ਕਰ ਰਹੇ ਹਨ। ਪੰਜਾਬ ਵਿੱਚ ਬੀ. ਐਸ. ਐਫ ਨੂੰ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ 50 ਕਿਲੋਮੀਟਰ ਤੱਕ ਪੰਜਾਬ ਪੁਲਿਸ ਤੋਂ ਵੀ ਵੱਧ ਅਧਿਕਾਰ ਦੇ ਕੇ ਕੀ ਪੰਜਾਬ ਦੇ ਅਧਿਕਾਰਾਂ ਅਤੇ ਦੇਸ਼ ਦੇ ਸੰਘੀ ਢਾਂਚੇ ‘ਤੇ ਭਾਰਤ ਸਰਕਾਰ ਨੇ ਡਾਕਾ ਨਹੀਂ ਮਾਰਿਆ ? ਇਹ ਕਿਸ ਤਰ੍ਹਾਂ ਦੀ ਵਿਡੰਬਣਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇੱਕ ਨਾਦਰਸ਼ਾਹੀ ਫੁਰਮਾਨ ਰਾਹੀਂ ਪੰਜਾਬ ਦੇ 6 ਜ਼ਿਲ੍ਹੇ ਨਿਗਲ ਲਏ ਹਨ। ਹੁਣ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜਿਲਕਾ ਵਿੱਚ ਨਵੇਂ ਮਿਲੇ ਅਧਿਕਾਰਾਂ ਅਨੁਸਾਰ ਬਾਰਡਰ ਸੁਰੱਖਿਆ ਫੋਰਸ (ਬੀ.ਐਸ. ਐਫ) ਭਾਰਤ ਦੀ ਸਰਹੱਦ ਦੀ ਦੇਖ ਰੇਖ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੇਗੀ ਅਤੇ ਇੰਝ ਕਰਨ ਨਾਲ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਦਾ ਆਪਸੀ ਟਕਰਾਓ ਵਧੇਗਾ, ਜਿਸ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਦਤਰ ਹੋ ਜਾਵੇਗੀ, ਜਿਸ ਦਾ ਸਹਾਰਾ ਲੈ ਕੇ ਇੱਕ ਚਾਲ ਅਧੀਨ ਸਮੁੱਚੇ ਪੰਜਾਬ ਨੂੰ ਗੜਬੜੀ ਵਾਲਾ ਇਲਾਕਾ ਐਲਾਨ ਕਰਨ ਲਈ ਕੇਂਦਰ ਸਰਕਾਰ ਨੂੰ ਇੱਕ ਬਹਾਨਾ ਮਿਲ ਜਾਵੇਗਾ।

ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੇਵਲ ਆਪਣੇ ਪਾਪਾਂ ਉੱਤੇ ਪੜਦਾ ਪਾਈ ਰੱਖਣ ਲਈ ਬੀਜੇਪੀ ਦੀਆਂ ਪੰਜਾਬ ਵਿਰੋਧੀ ਚਾਲਾਂ ਅਤੇ ਪੰਜਾਬ ਦੇ ਕਿਸਾਨ ਵਿਰੋਧੀ ਮਨਸੂਬਿਆਂ ਦਾ ਅੰਨ੍ਹੇਵਾਹ ਸਮਰਥਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੀ ਸਿਆਸਤ ਦੇ ਦਿਨ ਪੁੱਗ ਚੁੱਕੇ ਹਨ, ਹੁਣ ਪੰਜਾਬ ਦੇ ਲੋਕ ਆਪਣਾ ਮੂੰਹ ਖੋਲ੍ਹਣ ਲੱਗ ਪਏ ਹਨ ਤੇ ਕੈਪਟਨ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ।

ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਾਸੋਂ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ – ਅਰੂਸਾ ਆਲਮ ਅਤੇ ਪਾਕਿਸਤਾਨ ਦੇ ਆਈ. ਐਸ. ਆਈ ਦੇ ਸਾਬਕਾ ਮੁਖੀ ਜਨਰਲ ਫੈਜ਼ ਹਮੀਦ ‘ਤੇ ਅਧਾਰਿਤ ਇਸ ਭਾਰਤ ਵਿਰੋਧੀ ਤਿੱਕੜੀ ਦੇ ਸਾਰੇ ਆਪਸੀ ਤਾਲਮੇਲ ਅਤੇ ਪਰਸਪਰ ਮਹਿਰਮੀ ਰਿਸ਼ਤਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ, ਐੱਨ. ਆਈ. ਏ ਪਾਸੋਂ ਕਰਵਾਈ ਜਾਵੇ ਤਾਂ ਕਿ ਕੈਪਟਨ ਦੀ ਅਖੌਤੀ ਦੇਸ਼ ਭਗਤੀ ਦਾ ਮਖੌਟਾ ਬੇਨਕਾਬ ਹੋ ਸਕੇ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਜੇ ਇੱਕ ਪਾਕਿਸਤਾਨੀ ਔਰਤ, ਪੰਜਾਬ ਦੇ ਮੁੱਖ ਮੰਤਰੀ ਦੀ ਅਤੇ ਆਈ ਐਸ ਆਈ ਦੇ ਮੁਖੀ ਤੇ ਪਾਕਿਸਤਾਨੀ ਫੌਜ ਦੇ ਸੀਨੀਅਰ ਮੋਸਟ ਜਰਨੈਲ ਦੀ ਮੁਸ਼ਤਰਕਾ ਮਾਸ਼ੂਕ ਹੋਵੇ ਤਾਂ ਫੇਰ ਭਾਰਤ ਦੀ ਅੰਦਰੂਨੀ ਸੁਰੱਖਿਆਂ ਦੇ ਤਕਾਜ਼ਿਆਂ ਅਨੁਸਾਰ ਇਨ੍ਹਾਂ ਮਹਿਰਮੀ ਰਿਸ਼ਤਿਆ ਨੂੰ ਉਹ ਕਿਸ ਤਰ੍ਹਾਂ ਦੇਖਦੇ ਹਨ ਅਤੇ ਆਖਿਰ ਭਾਰਤ ਦੇ ਗੌਰਵ ਅਤੇ ਇਖਲਾਕ ਦੀ ਦ੍ਰਿਸ਼ਟੀ ਵਿੱਚ ਇਸ ਸਮੁੱਚੇ ਪ੍ਰਯੋਜਨ ਦੇ ਮਾਇਨੇ ਆਖਿਰ ਕੀ ਹਨ ?