India Punjab

ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ, ਅਕਾਲੀ ਦਲ ਪੂਰੇ ਸੈਸ਼ਨ ਲਈ ਸਸਪੈਂਡ

‘ਦ ਖ਼ਾਲਸ ਬਿਊਰੋ :- ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਬਹਿਸ ਦਾ ਜਵਾਬ ਦਿੱਤਾ ਜਾ ਰਿਹਾ ਸੀ ਤਾਂ ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜ਼ੋਰਦਾਰ ਹੰਗਾਮਾ ਕਰ ਦਿੱਤਾ, ਜਿਸ ਮਗਰੋਂ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। 

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਮੌਜੂਦਾ ਬਜਟ ਸੈਸ਼ਨ ਦੇ ਰਹਿੰਦੇ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਸਪੀਕਰ ਨੇ ਪਹਿਲਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਅਤੇ ਫਿਰ ਉਹਨਾਂ ਨੂੰ ਰਹਿੰਦੇ ਤਿੰਨ ਦਿਨਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਕਾਲੀ ਦਲ ਦਾ ਖੇਤੀ ਕਾਨੂੰਨਾਂ ‘ਤੇ ਦੋਹਰਾ ਸਟੈਂਡ ਹੈ। ਕੇਂਦਰ ਸਰਕਾਰ ਦੀ ਮੀਟਿੰਗ ਵਿੱਚ ਅਕਾਲੀ ਦਲ ਨੇ ਖੇਤੀ ਕਾਨੂੰਨਾਂ ‘ਤੇ ਕੋਈ ਇਤਰਾਜ਼ ਨਹੀਂ ਜਤਾਇਆ ਸੀ। ਹੁਣ ਅਕਾਲੀ ਦਲ ਕਿਸ ਚੀਜ਼ ਦਾ ਪੱਖ ਪੂਰ ਰਿਹਾ ਹੈ। ਅਕਾਲੀ ਸੈਸ਼ਨ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਹ ਸਦਨ ਬੋਲਣ ਵਾਸਤੇ ਰੱਖਿਆ ਗਿਆ ਹੈ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਆ ਕੇ ਹੰਗਾਮਾ ਕਰਨ ਲੱਗ ਪਉ।

ਕੇਂਦਰ ਸਰਕਾਰ ਨੂੰ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਕੋਈ ਅਸਰ ਨਹੀਂ ਪੈਂਦਾ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਕਹਿੰਦਾ ਹੈ ਰੋਜ਼ ਹੀ ਨਹੀਂ ਲੋਕ ਮਰਦੇ। ਲੱਖਾਂ ‘ਚੋਂ ਜੇ ਦੋ-ਚਾਰ ਮਰ ਜਾਣ ਤਾਂ ਕੀ ਹੋ ਜਾਵੇਗਾ। ਕਿਸਾਨਾਂ ਨੂੰ ਇਨ੍ਹਾਂ ਨੂੰ ਫੜ੍ਹ ਕੇ ਕੁੱਟਣਾ ਚਾਹੀਦਾ ਹੈ। ਇਸ ਮੰਤਰੀ ਨੂੰ ਕਿਸਾਨਾਂ ਨੂੰ ਪੁੱਠਾ ਟੰਗ ਦੇਣਾ ਚਾਹੀਦਾ ਹੈ।

ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਕਹਿ ਰਹੇ ਹਨ ਕਿ ਇਹ ਸਾਰੇ ਕਿਸਾਨ ਖਾਲਿਸਤਾਨੀ ਹਨ। ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਗੈਰ-ਸੰਵਿਧਾਨਿਕ ਹਨ। ਇਨ੍ਹਾਂ ਕਾਨੂੰਨਾਂ ਵਿੱਚ ਕਾਰਪੋਰੇਟਸ ਨੂੰ ਤਾਕਤ ਦਿੱਤੀ ਗਈ ਹੈ। ਸੂਬਿਆਂ ਨੂੰ ਖੇਤੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ।

ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ।

ਕੈਪਟਨ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਸਰਕਾਰ ਨੇ ਚੰਗਾ ਕੰਮ ਕੀਤਾ ਸੀ। ਸਰਕਾਰ ਨੇ ਨਸ਼ਿਆ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਾਡੀ ਸਰਕਾਰ ਅੱਗੇ ਡਰੱਗ ਮਾਫੀਆ ਸਭ ਤੋਂ ਵੱਡੀ ਚੁਣੌਤੀ ਸੀ। ਨਸ਼ਿਆਂ ਦੇ ਮਾਮਲੇ ਵਿੱਚ ਹੁਣ ਤੱਕ 40 ਹਜ਼ਾਰ ਕੇਸ ਦਰਜ ਕੀਤੇ ਗਏ ਹਨ। ਅਸੀਂ 84 ਫੀਸਦ ਚੋਣ ਵਾਅਦੇ ਪੂਰੇ ਕੀਤੇ ਹਨ। ਕੈਪਟਨ ਨੇ ਕਿਹਾ ਕਿ ਅਪਰਾਧ ਘੱਟ ਹੋਇਆ ਹੈ ਪਰ ਅੱਤਵਾਦ ਵੱਧ ਰਿਹਾ ਹੈ। ਸਰਹੱਦ ਪਾਰ ਤੋਂ ਸੂਬੇ ਵਿੱਚ ਹਥਿਆਰ ਆ ਰਹੇ ਹਨ। ਦਹਿਸ਼ਤਗਰਦੀ ਸਰਗਰਮੀਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ। ਪਾਕਿਸਤਾਨ ਨਾਲ ਲੱਗਦਾ ਇਲਾਕਾ ਬਹੁਤ ਸੰਵੇਦਨਸ਼ੀਲ ਹੈ।

ਸਾਡੇ ਸੂਬੇ ਵਿੱਚ ਡ੍ਰੋਨ ਜ਼ਰੀਏ ਹਥਿਆਰ ਅਤੇ ਵਿਦੇਸ਼ੀ ਕਰੰਸੀ ਆ ਰਹੀ ਹੈ। 37 ਅੱਤਵਾਦ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। 10 ਡ੍ਰੋਨ ਵੀ ਫੜੇ ਗਏ ਹਨ।

ਕੈਪਟਨ ਨੇ ਇਨਫੋਰਸਮੈਂਟ ਡਾਇਰੇਕਟੋਰੇਟ ਮਾਈਨਿੰਗ ਦਾ ਐਲਾਨ ਕੀਤਾ ਹੈ। ਕੈਪਟਨ ਨੇ ਬਿਜਲੀ ‘ਤੇ ਵਾਈਟ ਪੇਪਰ ਲਿਆਉਣ ਦਾ ਐਲਾਨ ਕੀਤਾ ਹੈ। ਕੈਪਟਨ ਨੇ ‘ਹਰ ਘਰ ‘ਤੇ ਪੱਕੀ ਛੱਤ’ ਯੋਜਨਾ ਦਾ ਐਲਾਨ ਕੀਤਾ ਹੈ। OBC ਲਈ ਸਿੱਖਿਆ ਸੰਸਥਾਵਾਂ ਲਈ 12 ਤੋਂ ਵਧਾ ਕੇ 15 ਪ੍ਰਤੀਸ਼ਤ ਰਾਖਵਾਂਕਰਨ ਰੱਖਣ ਦਾ ਐਲਾਨ ਕੀਤਾ। SC ਲਈ ਸਰਕਾਰੀ ਯੋਜਨਾਵਾਂ ਵਿੱਚ 15 ਪ੍ਰਤੀਸ਼ਤ ਤੋਂ ਵਧਾ ਕੇ 30 ਪ੍ਰਤੀਸ਼ਤ ਰਾਖਵਾਂਕਰਨ ਰੱਖਿਆ ਗਿਆ।

ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਐੱਸਸੀ ਸਕਾਲਰਸ਼ਿਪ ਵਿੱਚ ਕਥਿਤ ਘੁਟਾਲੇ ਅਤੇ ਅਕਾਲੀ ਦਲ ਨੇ ਮਹਿੰਗੀ ਬਿਜਲੀ ਦੇ ਮਾਮਲੇ ’ਤੇ ਰੋਸ ਪ੍ਰਦਰਸ਼ਨ ਕੀਤਾ। ਆਪ ਦੇ ਵਿਧਾਇਕਾਂ ਨੇ ਐੱਮ ਐੱਲ ਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਅਤੇ ਅਕਾਲੀ ਦਲ ਨੇ ਵਿਧਾਨ ਸਭਾ ਦੇ ਬਾਹਰ ਹੀ ਰੋਸ ਪ੍ਰਦਰਸ਼ਨ ਕੀਤਾ। ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਆਪੋ-ਆਪਣੇ ਮੁੱਦਿਆਂ ’ਤੇ ਹੱਥਾਂ ਵਿੱਚ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ। 

ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਨਾਲ ਲੈ ਕੇ ਦਿੱਲੀ ਕੱਟੜਾ ਐਕਸਪ੍ਰੈਸਵੇਅ ਲਈ ਕਿਸਾਨਾਂ ਦੀਆਂ ਜ਼ਮੀਨਾਂ ਦਾ ਢੁਕਵਾਂ ਭਾਅ ਨਾ ਦੇਣ ਦਾ ਮਸਲਾ ਚੁੱਕਿਆ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਵਿੱਚ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।