ਬਿਉਰੋ ਰਿਪੋਰਟ: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਲੈਬਾਰਟਰੀ ਐਂਡ ਟੈਕਨੀਕਲ ਸਟਾਫ ਐਸੋਸੀਏਸ਼ਨ (PULTSA) ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਦੇਵ ਪਟਿਆਲ ਅਤੇ ਜਨਰਲ ਸਕੱਤਰ ਡਾ: ਅਰੁਣ ਰੈਨਾ ਨੇ ਦੱਸਿਆ ਕਿ 22 ਅਕਤੂਬਰ ਤੋਂ 25 ਅਕਤੂਬਰ ਤੱਕ ਸਮੂਹ ਮੁਲਾਜ਼ਮ ਕਾਲੇ ਬਿੱਲੇ ਲਗਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ, ਜਦਕਿ 28 ਅਕਤੂਬਰ ਤੋਂ ਲੈਬ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।
ਪ੍ਰਦਰਸ਼ਨ ਦਾ ਮੁੱਖ ਕਾਰਨ
ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿੱਚ 7/14/21 ਦੇ ਫਰੇਮਵਰਕ ਦੇ ਤਹਿਤ ਲਾਭਾਂ ਅਤੇ ਭੱਤਿਆਂ ਵਿੱਚ ਸੋਧ ਦੀ ਮੰਗ ਸ਼ਾਮਲ ਹੈ। 23 ਦਸੰਬਰ, 2019 ਨੂੰ, ਜੁਆਇੰਟ ਕੰਸਲਟੇਟਿਵ ਕਮੇਟੀ (JCM) ਨੇ ਇਨ੍ਹਾਂ ਮੰਗਾਂ ਦੀ ਸਿਫ਼ਾਰਸ਼ ਕੀਤੀ ਸੀ, ਪਰ ਅਜੇ ਤੱਕ ਵਿੱਤ ਬੋਰਡ ਦੀ ਮਨਜ਼ੂਰੀ ਨਹੀਂ ਮਿਲੀ ਹੈ। ਵਾਈਸ ਚਾਂਸਲਰ ਵੱਲੋਂ 1 ਦਸੰਬਰ 2022 ਨੂੰ ਗਠਿਤ ਕੀਤੀ ਕਮੇਟੀ ਨੇ ਵੀ ਇਨ੍ਹਾਂ ਮੰਗਾਂ ਨੂੰ ਮੰਨ ਲਿਆ ਸੀ, ਫਿਰ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਮੁਲਾਜ਼ਮ 25 ਅਕਤੂਬਰ ਤੱਕ ਕਾਲੇ ਬਿੱਲੇ ਲਗਾ ਕੇ ਆਪਣਾ ਰੋਸ ਪ੍ਰਗਟ ਕਰਨਗੇ ਅਤੇ ਜੇਕਰ 28 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਲੈਬ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਨਗੇ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮੋਹਨ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਸਮੂਹ ਮੁਲਾਜ਼ਮਾਂ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ ਹੈ।
ਐਸੋਸੀਏਸ਼ਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਵਿੱਤ ਬੋਰਡ ਵੱਲੋਂ ਜਲਦੀ ਤੋਂ ਜਲਦੀ ਪ੍ਰਵਾਨ ਕੀਤਾ ਜਾਵੇ। ਇਸ ਨਾਲ ਕਰਮਚਾਰੀਆਂ ਦਾ ਮਨੋਬਲ ਵਧੇਗਾ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ।