‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੀਆਂ ਚੋਣਾਂ ਦਾ ਹਾਲੇ ਐਲਾਨ ਨਹੀਂ ਹੋਇਆ ਪਰ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਇੱਥੋਂ ਤੱਕ ਕਿ ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗਨਾਈਜ਼ੇਸ਼ਨ ਅਤੇ ਜਨ ਨਾਇਕ ਜਨਤਾ ਪਾਰਟੀ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਪ੍ਰਵੇਸ਼ ਬਿਸ਼ਨੋਈ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਨਾਲ ਜੁੜੇ ਸੂਤਰਾਂ ਦੀ ਖ਼ਬਰ ਹੈ ਕਿ ਪ੍ਰਸ਼ਾਸਨ ਇਸ ਵਾਰ ਵਿਦਿਆਰਥੀ ਚੋਣਾਂ ਕਰਵਾਉਣ ਦੇ ਰੌਂਅ ਵਿੱਚ ਨਹੀਂ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੀ ਇੱਕ ਮੀਟਿੰਗ ਵਿੱਚ ਉੱਚ ਅਫ਼ਸਰਾਂ ਨੇ ਚੋਣਾਂ ਨਾ ਕਰਾਉਣ ਦੀ ਸਲਾਹ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਦਾਖਲੇ 30 ਸਤੰਬਰ ਤੱਕ ਚੱਲਣੇ ਹਨ। ਅਕਤੂਬਰ ਵਿੱਚ ਤਿਉਹਾਰਾਂ ਦੇ ਦਿਨੀਂ ਚੋਣਾਂ ਕਰਵਾਉਣੀਆਂ ਮੁਸ਼ਕਿਲ ਹੋ ਜਾਣਗੀਆਂ ਕਿਉਂਕਿ ਪੁਲਿਸ ਕੋਲ ਵਿਹਲ ਨਹੀਂ ਹੁੰਦਾ। 30 ਸਤੰਬਰ ਤੋਂ ਪਹਿਲਾਂ ਚੋਣਾਂ ਕਰਾਉਣ ਨਾਲ ਕਈ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਣਗੇ।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੀ ਅੰਤਿਮ ਪ੍ਰਵਾਨਗੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਹੈ ਅਤੇ ਪੁਲਿਸ ਦਾ ਬੰਦੋਬਸਤ ਵੀ ਗ੍ਰਹਿ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਉਂਝ, ਹੁਣ ਤੱਕ ਦੀਆ ਸਰਗਰਮੀਆਂ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਧੇਰੇ ਸਰਗਰਮ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਵਿਦਿਆਰਥੀ ਸੱਥ ਵੀ ਐਕਟਿਵ ਹੋ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਹੱਕ ਵਿੱਚ ਭੁਗਤਣ ਦੀਆਂ ਕਿਆਸਰਾਈਆਂ ਹਨ ਕਿਉਂਕਿ ਸੈਨੇਟ ਅਤੇ ਸਿੰਡੀਕੇਟ ਉੱਤੇ ਵੀ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੈ। ਆਮ ਆਦਮੀ ਪਾਰਟੀ ਅਤੇ ਸੱਥ ਨੇ ਮਿਲ ਕੇ ਚੋਣ ਲੜੀ ਤਾਂ ਏਬੀਵੀਪੀ ਦੇ ਪੈਰ ਲੱਗਣੇ ਮੁਸ਼ਕਿਲ ਹੋ ਜਾਣਗੇ। ਦੋਵੇਂ ਰਵਾਇਤੀ ਵਿਦਿਆਰਥੀ ਜਥੇਬੰਦੀਆਂ ਸਟੂਡੈਂਟਸ ਆਰਗਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਅਤੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ (ਪੁਸੂ) ਸਮੇਤ ਹਿਮਾਚਲ ਪ੍ਰਦੇਸ਼ ਸਟੂਡੈਂਟਸ ਐਸੋਸੀਏਸ਼ਨ ਅਤੇ ਹਰਿਆਣਾ ਸਟੂਡੈਂਟਸ ਐਸੋਸੀਏਸ਼ਨ ਦਾ ਕੋਈ ਜ਼ਿਆਦਾ ਆਧਾਰ ਨਹੀਂ ਰਿਹਾ ਹੈ।
ਸਟੂਡੈਂਟਸ ਫਾਰ ਸੁਸਾਇਟੀ ਅਤੇ ਲਲਕਾਰ ਨਾਲ ਖੱਬੇ ਪੱਖੀ ਸੋਚ ਦੇ ਵਿਦਿਆਰਥੀ ਜੁੜੇ ਹੋਏ ਹਨ। ਬਾਵਜੂਦ ਇਸਦੇ ਆਪਸੀ ਸੁਰ ਨਹੀਂ ਰਲ ਰਹੀ ਹੈ। ਦੋਹੇਂ ਵਿਦਿਆਰਥੀ ਜਥੇਬੰਦੀਆਂ ਦੇ ਰਲ ਕੇ ਚੋਣਾਂ ਲੜਨ ਦੀ ਸੰਭਾਵਨਾ ਦੇ ਆਸਾਰ ਵੀ ਮੱਧਮ ਪੈਂਦੇ ਨਜ਼ਰੀਂ ਆ ਰਹੇ ਹਨ।
ਕੁੱਲ ਮਿਲਾ ਕੇ ਇਸ ਵਾਰ ਅਗਲੀਆਂ ਲੋਕ ਸਭਾ ਅਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਏਬੀਵੀਪੀ ਅਤੇ ਆਪ ਦੇ ਵਿਦਿਆਰਥੀ ਵਿੰਗ ਕੌਂਸਲ ਉੱਤੇ ਕਬਜ਼ਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਪੂਰੀ ਦਿਲਚਸਪੀ ਹੈ। ਵਿਦਿਆਰਥੀ ਚੋਣਾਂ ਨੂੰ ਸਿਆਸੀ ਪਾਰਟੀਆਂ ਹੀ ਸਪਾਂਸਰ ਕਰਦੀਆਂ ਹਨ। ਪੰਜਾਬ ਯੂਨੀਵਰਸਿਟੀ ਨੂੰ ਸਿਆਸਤ ਦੀ ਨਰਸਰੀ ਕਿਹਾ ਜਾਂਦਾ ਹੈ ਅਤੇ ਇਸਨੇ ਕਈ ਵੱਡੇ ਲੀਡਰ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਮਰਹੂਮ ਸੁਸ਼ਮਾ ਸਵਰਾਜ, ਕਪਿਲ ਸਿੱਬਲ, ਪਵਨ ਕੁਮਾਰ ਬਾਂਸਲ ਅਤੇ ਆਰ ਪ੍ਰਤਾਪ ਰੂਡੀਗੇ ਦਾ ਨਾਂ ਜ਼ਿਕਰਯੋਗ ਹੈ। ਪੰਜਾਬ ਦੀ ਰਾਜਨੀਤੀ ਵਿੱਚ ਵੀ ਇੱਥੋਂ ਦੇ ਪਾੜਿਆਂ ਮਨਪ੍ਰੀਤ ਸਿੰਘ ਬਾਦਲ, ਕੁਲਜੀਤ ਨਾਗਰਾ, ਜਗਮੋਹਨ ਸਿੰਘ ਕੰਗ, ਸੁਖਬੀਰ ਸਿੰਘ ਬਾਦਲ ਅਤੇ ਦਲਬੀਰ ਗੋਲਡੀ ਨੇ ਆਪਣਾ ਥਾਂ ਬਣਾਇਆ ਹੈ। ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵੀ ਇੱਥੋਂ ਦੇ ਪੜੇ ਹੋਏ ਹਨ। ਡਿਪਟੀ ਐਡਵੋਕੇਟ ਜਨਰਲ ਸੰਤੋਖਵਿੰਦਰ ਸਿੰਘ ਨਾਭਾ ਦਾ ਨਾਂ ਵੀ ਲਿਆ ਜਾ ਸਕਦਾ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੀ ਪੰਜਾਬ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਪੜਾਉਂਦੇ ਰਹੇ ਹਨ।
ਵੈਸੇ ਤਾਂ ਇੱਕ ਦਹਾਕਾ ਪਹਿਲਾਂ ਤੱਕ ਵਿਦਿਆਰਥੀ ਚੋਣਾਂ ਵਿੱਚ ਸੋਪੂ ਅਤੇ ਪੁਸੂ ਦਾ ਲਗਾਤਾਰ ਕਬਜ਼ਾ ਰਿਹਾ ਹੈ। ਪਰ ਸਟੂਡੈਂਟਸ ਫ਼ਾਰ ਸੁਸਾਇਟੀ ਦੀ ਕਨੂ ਪ੍ਰਿਆ ਨੇ ਚੋਣ ਜਿੱਤ ਕੇ ਦੋਹਾਂ ਨੂੰ ਬਾਹਰ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗਨਾਈਜੇਸ਼ਨ ਆਫ਼ ਇੰਡੀਆ ਨੇ ਵੀ ਦੋ ਵਾਰ ਪ੍ਰਧਾਨ ਦੇ ਅਹੁਦੇ ਉੱਤੇ ਕਬਜ਼ਾ ਕੀਤਾ ਹੈ। ਵਿਦਿਆਰਥੀ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ਲੜਾਈ ਦਾ ਅਖਾੜਾ ਬਣਦਾ ਰਿਹਾ ਹੈ। ਇਸ ਕਰਕੇ ਆਮ ਵਿਦਿਆਰਥੀਆਂ ਦੀ ਚੋਣਾਂ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰਹੀ। ਉਂਝ, ਪੰਜਾਬ ਅਤੇ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਭਾਜਪਾ, ਕਾਂਗਰਸ, ਇਨੈਲੋ ਅਤੇ ਅਕਾਲੀ ਦਲ ਸਮੇਤ ਆਮ ਆਦਮੀ ਪਾਰਟੀ ਦੀ ਦਿਲਚਸਪੀ ਵਧੀ ਹੈ। ਕੈਂਪਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਸੱਤ ਹਜ਼ਾਰ ਦੇ ਕਰੀਬ ਹੁੰਦੀ ਹੈ ਅਤੇ ਇਨ੍ਹਾਂ ਵਿੱਚੋਂ 5200 ਤੋਂ ਵੱਧ ਨੇ ਕਦੇ ਚੋਣਾਂ ਵਿੱਚ ਹਿੱਸਾ ਨਹੀਂ ਲਿਆ। ਕੈਂਪਸ ਵਿੱਚ ਪੜਦੇ ਵਿਦਿਆਰਥੀਆਂ ਵਿੱਚੋਂ ਬਹੁ-ਗਿਣਤੀ ਪੰਜਾਬ ਵਿੱਚੋਂ ਹਨ। ਪਿਛਲੇ ਸਾਲਾਂ ਤੋਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਵਧੀ ਹੈ।
ਯੂਨੀਵਰਸਿਟੀ ਦੇ ਨਾਲ ਹੀ ਸ਼ਹਿਰ ਦੇ ਕਾਲਜਾਂ ਵਿੱਚ ਵੀ ਵਿਦਿਆਰਥੀ ਚੋਣਾਂ ਹੁੰਦੀਆਂ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੰਜ ਦਹਾਕਿਆਂ ਤੋਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਊਠ ਦੇ ਬੁੱਲ੍ਹ ਦੀ ਤਰ੍ਹਾਂ ਲਟਕੀਆਂ ਆ ਰਹੀਆਂ ਹਨ।