Punjab

ਪੰਜਾਬ ਯੂਨੀਵਰਸਿਟੀ ਨੂੰ ਪਿਆ ਅੱਕ ਚੱਬਣਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਹਿਤੈਸ਼ੀਆਂ ਅੱਗੇ ਗੋਡੇ ਟੇਕਦਿਆਂ ਆਖ਼ਰ ਗਰੈਜੂਏਟ ਹਲਕੇ ਦੀ ਚੋਣ 26 ਸਤੰਬਰ ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੋ ਵਾਰ ਸੈਨੇਟ ਦੀਆਂ ਚੋਣਾਂ ਅਤੇ ਤਿੰਨ ਵਾਰ ਗਰੈਜੂਏਟ ਹਲਕੇ ਦੀਆਂ ਚੋਣਾਂ ਮੁਲਤਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਗਰੈਜੂਏਟ ਹਲਕੇ ਦੇ 15 ਮੈਂਬਰਾਂ ਲਈ 26 ਨੂੰ ਵੋਟਾਂ ਪੈਣਗੀਆਂ ਅਤੇ ਪੰਜ ਲੱਖ ਤੋਂ ਵੱਧ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਸੈਨੇਟ ਦਾ ਇਹ ਸਭ ਤੋਂ ਵੱਡਾ ਹਲਕਾ ਮੰਨਿਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਕਰਨ ਵਾਲੇ ਪਾੜ੍ਹੇ ਹਲਕੇ ਦੇ ਵੋਟਰ ਬਣ ਸਕਦੇ ਹਨ। ਪੰਜਾਬ ਯੂਨੀਵਰਸਿਟੀ ਦੇਸ਼ ਦੀ ਇੱਕੋ ਯੂਨੀਵਰਸਿਟੀ ਹੈ ਜਿੱਥੋਂ ਦੀ ਸੈਨੇਟ ਅਤੇ ਸਿੰਡੀਕੇਟ ਲੋਕਤੰਤਰ ਢੰਗ ਨਾਲ ਚੁਣੀ ਜਾਂਦੀ ਹੈ। ਵਿਦਿਆਰਥੀਆਂ ਵੱਲੋਂ 25 ਦਿਨਾਂ ਤੋਂ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੀ ਮੰਗ ਮੰਨਣੀ ਪਈ।

ਸੈਨੇਟ ਦੇ ਵੱਖ-ਵੱਖ ਹਲਕਿਆਂ ਵਿੱਚੋਂ 47 ਮੈਂਬਰ ਚੁਣੇ ਜਾਂਦੇ ਹਨ ਜਦਕਿ 34 ਦੀ ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਨਿਯੁਕਤੀ ਕੀਤੀ ਜਾਂਦੀ ਹੈ। ਪਿਛਲੇ ਕੁੱਝ ਸਾਲਾਂ ਤੋਂ ਉਪ ਕੁਲਪਤੀ ਰਾਜ ਕੁਮਾਰ ਸਮੇਤ ਭਾਜਪਾ ਦੀ ਕੇਂਦਰ ਸਰਕਾਰ ਨੂੰ ਯੂਨੀਵਰਸਿਟੀ ਦਾ ਲੋਕ ਤੰਤਰਿਕ ਢਾਂਚਾ ਵਾਰਾ ਨਹੀਂ ਖਾ ਰਿਹਾ ਜਿਸ ਕਰਕੇ ਸੈਨੇਟ ਨੂੰ ਤੋੜਨ ਦੇ ਯਤਨ ਕੀਤੇ ਜਾਂਦੇ ਰਹੇ ਹਨ। ਵੋਟਾਂ ਅੱਗੇ ਪਾਉਣ ਦਾ ਕਾਰਨ ਵੀ ਇਹੋ ਦੱਸਿਆ ਜਾ ਰਿਹਾ ਹੈ। ਚੋਣਾਂ ਨਾ ਕਰਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲਾ ਗਿਆ। ਅਦਾਲਤ ਦੀਆਂ ਹਦਾਇਤਾਂ ‘ਤੇ ਗਰੈਜੂਏਟ ਹਲਕੇ ਨੂੰ ਛੱਡ ਕੇ ਦੂਜੀਆਂ ਚੋਣਾਂ ਹੋ ਚੁੱਕੀਆਂ ਹਨ। ਚੋਣਾਂ ਦੇ ਨਤੀਜੇ ਭਾਜਪਾ ਦੇ ਉਲਟ ਰਹੇ ਹਨ। ਗਰੇਜੂਏਟ ਹਲਕੇ ਦੇ ਨਤੀਜੇ ਭਾਜਪਾ ਵਿਰੋਧੀ ਆਉਣ ਦੀ ਸੂਰਤ ਵਿੱਚ ਸੈਨੇਟ ਲਈ ਭਾਜਪਾ ਪੱਖੀਆਂ ਦੀਆਂ 34 ਨਿਯੁਕਤੀਆਂ ਨਾਲ ਵੀ ਪਲੜਾ ਭਾਰੀ ਨਹੀਂ ਹੋ ਸਕੇਗਾ। ਸੈਨੇਟ ਦੀ ਮਿਆਦ ਅਗਸਤ 2020 ਨੂੰ ਖ਼ਤਮ ਹੋ ਗਈ ਸੀ। ਇੱਕ ਸਾਲ ਦੇ ਇਸ ਅਰਸੇ ਵਿੱਚ ਉਪ ਕੁਲਪਤੀ ਪ੍ਰੋਫੈਸਰ ਰਾਜ ਕੁਮਾਰ ਉੱਤੇ ਯੂਨੀਵਰਸਿਟੀ ਨੂੰ ਭਗਵਾਂ ਰੰਗ ਚਾੜ੍ਹਨ ਦੇ ਦੋਸ਼ ਲੱਗੇ ਹਨ। ਗਰੈਜੂਏਟ ਹਲਕੇ ਲਈ ਚਾਹੇ ਉਮੀਦਵਾਰਾਂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਫਿਰ ਵੀ ਉਨ੍ਹਾਂ ਦੇ ਦਿਲ ਨੂੰ ਚੋਣਾਂ ਮੁੜ ਮੁਲਤਵੀ ਕਰਨ ਦਾ ਧੜਕੂ ਲੱਗਾ ਹੋਇਆ ਹੈ।