Punjab

ਪੰਜਾਬ ‘ਚ ਉੱਠ ਰਹੀ ਹੈ ਇੱਕ ਹੋਰ ਨਵੀਂ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਦੇ ਲਈ ਮਾਨਸਾ ਜ਼ਿਲ੍ਹੇ ਪਹੁੰਚੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਮੰਗ ਪੱਤਰ ਸੌਂਪਣ ਦੇ ਲਈ ਪਹੁੰਚੇ ਸਨ ਪਰ ਮਾਨ ਕੋਲ ਸਮਾਂ ਜ਼ਿਆਦਾ ਨਾ ਹੋਣ ਕਾਰਨ ਜਾਂ ਫਿਰ ਹੋਰ ਰੁਝੇਵਿਆਂ ਕਾਰਨ ਉਨ੍ਹਾਂ ਦੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਨਹੀਂ ਹੋ ਸਕੀ। ਇਸ ਤੋਂ ਬਾਅਦ ਨੌਜਵਾਨਾਂ ਵੱਲੋਂ ਮਾਨਸਾ ਦੇ ਵਿਧਾਇਕ ਡਾ.ਵਿਜੇ ਸਿੰਗਲਾ ਨੂੰ ਮੰਗ ਪੱਤਰ ਸੌਂਪੇ ਗਏ। ਇਨ੍ਹਾਂ ਨੌਜਵਾਨਾਂ ਵਿੱਚ ਸ਼ਾਮਿਲ ਹਰਪ੍ਰੀਤ ਕੌਰ ਨੇ ‘ਦ ਖ਼ਾਲਸ ਟੀਵੀ ਦੇ ਨਾਲ ਵਿਸ਼ੇਸ਼ ਗੱਲਬਾਤ ਕਰਕੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜੋ ਪੈਂਡਿੰਗ ਭਰਤੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ਅਤੇ ਵੇਟਿੰਗ ਲਿਸਟ ਜਾਰੀ ਕੀਤੀ ਜਾਵੇਗੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਵੱਖ ਵੱਖ ਯੂਨੀਅਨਾਂ ਦੇ ਬੱਚੇ ਮੰਗ ਪੱਤਰ ਸੌਂਪਣ ਦੇ ਲਈ ਕੱਲ੍ਹ ਮਾਨਸਾ ਪਹੁੰਚੇ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਵੱਲੋਂ ਆਮ ਲੋਕਾਂ ਨੂੰ ਤਾਂ ਅੰਦਰ ਜਾਣ ਦਿੱਤਾ ਗਿਆ ਪਰ ਜਿਨ੍ਹਾਂ ਦੇ ਹੱਥ ਵਿੱਚ ਕੋਈ ਪੱਤਰ ਸੀ, ਉਨ੍ਹਾਂ ਨੂੰ ਉਹ ਪੁੱਛ ਰਹੇ ਸਨ ਕਿ ਤੁਸੀਂ ਕੋਈ ਮੰਗ ਪੱਤਰ ਸੌਂਪਣਾ ਹੈ ਤਾਂ ਉਹ ਉਨ੍ਹਾਂ ਬੱਚਿਆਂ ਨੂੰ ਅੰਦਰ ਨਹੀਂ ਜਾਣ ਦੇ ਰਹੇ ਸੀ। ਸੁਰੱਖਿਆ ਕਰਮੀ ਨੇ ਮੰਗ ਪੱਤਰ ਬਾਅਦ ਵਿੱਚ ਸੌਂਪਣ ਦੇ ਲਈ ਕਿਹਾ।

ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਸਾਰੀਆਂ ਭਰਤੀਆਂ ਨੂੰ ਅਸੀਂ ਰੈਂਕ ਅਨੁਸਾਰ ਪੂਰਾ ਕਰਾਂਗੇ ਅਤੇ ਇਨ੍ਹਾਂ ਭਰਤੀਆਂ ਦੀ ਵੇਟਿੰਗ ਲਿਸਟ ਵੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਭਗਵੰਤ ਸਿੰਘ ਮਾਨ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਹਾਲਾਂਕਿ, ਉਨ੍ਹਾਂ ਨੇ ਵਿਧਾਇਕ ਡਾ. ਵਿਜੇ ਸਿੰਗਲਾ ਤੋਂ ਭਗਵੰਤ ਮਾਨ ਨੂੰ ਮਿਲਣ ਦੀ ਇਜ਼ਾਜਤ ਮੰਗੀ ਸੀ। ਉਨ੍ਹਾਂ ਨੇ ਕਿਹਾ ਕਿ ਮੰਗ ਪੱਤਰ ਸੌਂਪਦਿਆਂ ਨੂੰ ਸਾਨੂੰ ਛੇ ਮਹੀਨੇ ਹੋ ਗਏ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਹਰਪ੍ਰੀਤ ਕੌਰ ਨੇ ਭਗਵੰਤ ਸਿੰਘ ਮਾਨ ਨੂੰ ਮੰਗ ਕੀਤੀ ਕਿ ਆਉਣ ਵਾਲੀਆਂ ਭਰਤੀਆਂ ਵਿੱਚ ਵੇਟਿੰਗ ਲਿਸਟ ਜਾਰੀ ਕੀਤੀ ਜਾਵੇ। ਉਨ੍ਹਾਂ ਨੇ ਦੂਜੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਿਧਵਾ ਜਾਂ ਫਿਰ ਤਲਾਕਸ਼ੁਦਾ ਔਰਤਾਂ ਦੇ ਲਈ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਕੋਈ ਰਾਖਵਾਂਕਰਨ ਨਹੀਂ ਹੈ। ਇਸ ਲਈ ਉਨ੍ਹਾਂ ਨੇ ਭਗਵੰਤ ਮਾਨ ਨੂੰ ਇਸ ਮੁੱਦੇ ‘ਤੇ ਗੌਰ ਕਰਨ ਦੀ ਅਪੀਲ ਕੀਤੀ ਹੈ।