ਬਿਉਰੋ ਰਿਪੋਰਟ – ਦਿੱਲੀ ਤੋਂ ਪੰਜਾਬ ਆਉਂਦੇ ਸਮੇਂ NRI ਪਰਿਵਾਰ ’ਤੇ ਹਰਿਆਣਾ ਵਿੱਚ ਹੋਏ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ੀਰੋ FIR ਦਰਜ ਕੀਤੀ ਹੈ। ਇਸ ਦੇ ਨਾਲ ਹੀ ਅੱਗੇ ਦੀ ਜਾਂਚ ਰੋਹਤਕ ਪੁਲਿਸ ਕਰੇਗੀ। ਇਸ ਮਾਮਲੇ ਵਿੱਚ ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ NRI ਦੇ ਕਾਰ ਡਰਾਈਵਰ ਨੂੰ 1 ਲੱਖ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਡਰਾਈਵਰ ਦੀ ਸਮਝਦਾਰੀ ਦੀ ਵਜ੍ਹਾ ਕਰਕੇ ਹੀ ਬਜ਼ੁਰਗ ਜੋੜੇ ਦੀ ਜਾਨ ਬਚੀ ਸੀ।
ਧਾਲੀਵਾਲ ਨੇ ਕਿਹਾ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਕਿ ਦਿੱਲੀ ਅਤੇ ਪੰਜਾਬ ਦੇ ਵਿਚਾਲੇ ਯਾਤਰਾ ਕਰਨ ਵਾਲੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਫਿਰੋਜ਼ਪੁਰ ਦੇ ਪਿੰਡ ਚਿਮਨੇਵਾਲੀ ਦਾ NRI ਪਰਿਵਾਰ ਸੁਖਵਿੰਦਰ ਕੌਰ ਅਤੇ ਬੂਟਾ ਸਿੰਘ ਦੇ ਨਾਲ ਬੀਤੇ ਦਿਨ ਹਰਿਆਣਾ ਦੇ ਰੋਹਤਕ ਵਿੱਚ ਵਾਰਦਾਤ ਹੋਈ ਸੀ।
ਸੁਖਵਿੰਦਰ ਕੌਰ ਵਿਦੇਸ਼ ਤੋਂ ਪਰਤ ਰਹੀ ਸੀ ਪਤੀ ਬੂਟਾ ਸਿੰਘ ਉਨ੍ਹਾਂ ਨੂੰ ਲੈਣ ਦੇ ਲਈ ਦਿੱਲੀ ਗਏ ਸਨ ਰਸਤੇ ਵਿੱਚ ਰੋਹਤਕ ਦੇ ਨਜ਼ਦੀਕ ਉਨ੍ਹਾਂ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਵਾਰਦਾਤ ਦੇ ਦੌਰਾਨ ਡਰਾਈਵਰ ਦੀ ਫੁਰਤੀ ਦੀ ਵਜ੍ਹਾ ਕਰਕੇ ਬਜ਼ੁਰਗ ਜੋੜੇ ਦੀ ਜਾਨ ਬਚੀ।