ਬਿਊਰੋ ਰਿਪੋਰਟ (15 ਨਵੰਬਰ 2025): ਪੰਜਾਬ ਵਿੱਚ ਤਾਪਮਾਨ ’ਚ ਲਗਾਤਾਰ ਗਿਰਾਵਟ ਜਾਰੀ ਹੈ। ਸੂਬੇ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦਿਨ ਅਤੇ ਰਾਤ ਦੀ ਠੰਢ ਹੁਣ ਵਧਣ ਲੱਗੀ ਹੈ। ਹਾਲਾਂਕਿ, ਪੱਛਮੀ ਗੜਬੜੀ (Western Disturbance) ਦੇ ਸਰਗਰਮ ਨਾ ਹੋਣ ਕਾਰਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ 1-2 ਡਿਗਰੀ ਤੱਕ ਦਾ ਵਾਧਾ ਵੀ ਹੋ ਸਕਦਾ ਹੈ, ਪਰ ਪਾਰਾ ਆਮ ਦੇ ਕਰੀਬ ਹੀ ਰਹੇਗਾ।
ਮੌਸਮ ਵਿਗਿਆਨ ਕੇਂਦਰ ਅਨੁਸਾਰ, ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਸੂਬੇ ਦੇ ਸਾਰੇ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਜਾਂ ਇਸ ਤੋਂ ਘੱਟ ਦਰਜ ਕੀਤਾ ਗਿਆ ਹੈ।
ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.4 ਡਿਗਰੀ, ਲੁਧਿਆਣਾ ਦਾ 9.5 ਡਿਗਰੀ, ਪਠਾਨਕੋਟ ਦਾ 9.3 ਡਿਗਰੀ, ਬਠਿੰਡਾ ਦਾ 8 ਡਿਗਰੀ ਅਤੇ ਗੁਰਦਾਸਪੁਰ ਦਾ 10 ਡਿਗਰੀ ਰਿਹਾ।
ਇਸੇ ਤਰ੍ਹਾਂ, ਵੱਧ ਤੋਂ ਵੱਧ ਤਾਪਮਾਨ ਵੀ 30 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ। ਸੂਬੇ ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਅੰਮ੍ਰਿਤਸਰ ਵਿੱਚ 25.6 ਡਿਗਰੀ, ਲੁਧਿਆਣਾ ਵਿੱਚ 26.6 ਡਿਗਰੀ, ਪਟਿਆਲਾ ਵਿੱਚ 26.8 ਡਿਗਰੀ ਅਤੇ ਪਠਾਨਕੋਟ ਵਿੱਚ 23.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪ੍ਰਦੂਸ਼ਣ ਤੋਂ ਰਾਹਤ ਨਹੀਂ
ਪੰਜਾਬ ਵਿੱਚ ਭਾਵੇਂ ਤਾਪਮਾਨ ਘੱਟ ਰਿਹਾ ਹੈ, ਪਰ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ। ਖੰਨਾ ਅਤੇ ਮੰਡੀ ਗੋਬਿੰਦਗੜ੍ਹ ਅਜੇ ਵੀ ਦੋ ਅਜਿਹੇ ਸ਼ਹਿਰ ਹਨ, ਜਿੱਥੇ ਔਸਤ ਪ੍ਰਦੂਸ਼ਣ ਪੱਧਰ 200 ਤੋਂ ਵੱਧ ਬਣਿਆ ਹੋਇਆ ਹੈ। ਬਾਕੀ ਸਾਰੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ 100 ਤੋਂ 200 ਦੇ ਵਿਚਕਾਰ ਹੈ।
ਪੰਜਾਬ ਵਿੱਚ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਪ੍ਰਦੂਸ਼ਣ ਦਾ ਸਥਾਈ ਹੱਲ ਫਿਲਹਾਲ ਮੁਸ਼ਕਲ ਹੈ। ਸਿਹਤ ਵਿਭਾਗ ਨੇ ਇਸ ਸਥਿਤੀ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ਮਾਸਕ ਪਹਿਨ ਕੇ ਬਾਹਰ ਨਿਕਲਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ।

