ਬਿਉਰੋ ਰਿਪੋਰਟ – ਰੂਪਨਗਰ ਦਾ ਲਾਂਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਿਆ ਹੈ। 9 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ, ਪਤਨੀ ਅਮਨਦੀਪ ਕੌਰ ਦੇ ਹੱਥਾਂ ਦਾ ਚੂੜਾ ਵੀ ਨਹੀਂ ਉਤਰਿਆਂ ਸੀ ਜਦੋਂ ਉਸਨੇ ਪਤੀ ਨੂੰ ਅੰਤਿਮ ਵਿਦਾਈ ਦਿੱਤੀ। ਸਿਰਫ ਇੰਨਾਂ ਹੀ ਨਹੀਂ, ਸ਼ਹੀਦ ਦੇ ਪਿਤਾ ਦਾ ਵੀ 7 ਮਹੀਨੇ ਪਹਿਲਾਂ ਦਿਹਾਂਤ ਹੋਇਆ ਸੀ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਪਹੁੰਚੇ ਸਨ।
ਫੌਜ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਫੌਜ ਦੇ 4 ਕਮਾਂਡਰ ਜ਼ਖ਼ਮੀ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ 29 ਸਾਲ ਦੇ ਬਲਜੀਤ ਸਿੰਘ ਜਿਸ ਗੱਡੀ ਵਿੱਚ ਸਵਾਰ ਸਨ, ਉਹ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਗਹਿਰੀ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਮੰਜਾਕੋਟ ਇਲਾਕੇ ਵਿੱਚ ਹੋਇਆ ਸੀ।
ਹਾਦਸਾ ਏਨਾ ਭਿਆਨਕ ਸੀ ਕਿ ਖਾਈ ਵਿੱਚ ਡਿੱਗਣ ਦੇ ਬਾਅਦ ਗੱਡੀ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ। ਘਟਨਾ ਦੀ ਇਤਲਾਹ ਆਲੇ-ਦੁਆਲੇ ਦੇ ਲੋਕਾਂ ਨੂੰ ਮਿਲੀ ਤਾਂ ਉਹ ਜਵਾਨਾਂ ਨੂੰ ਬਚਾਉਣ ਦੇ ਲਈ ਪਹੁੰਚ ਗਏ। ਹਸਪਤਾਲ ਵਿੱਚ ਪਹੁੰਚਣ ਤੋਂ ਬਾਅਦ ਇਲਾਜ ਦੌਰਾਨ ਬਲਜੀਤ ਸਿੰਘ ਦਾ ਦੇਹਾਂਤ ਹੋ ਗਿਆ।
ਬਲਜੀਤ ਸਿੰਘ 2014 ਵਿੱਚ ਭਾਰਤੀ ਫੌਜ ਦੀ 2 ਪੈਰਾ SF ਵਿੱਚ ਭਰਤੀ ਹੋਇਆ ਸੀ। ਕੁਝ ਸਮੇਂ ਪਹਿਲਾਂ ਉਸਦੀ ਪੋਸਟਿੰਗ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਹੋਈ ਸੀ।