Punjab

ਪੰਜਾਬ ਦੇ ਸਕੂਲਾਂ ਨੂੰ ਮੰਨਣੀ ਪਈ ਮਾਪਿਆਂ ਦੀ ਗੱਲ, ਕੀਤਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਸਕੂਲਾਂ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਸੀ, ਜਿਸਦਾ ਵਿਦਿਆਰਥੀਆਂ ਦੇ ਮਾਪਿਆਂ ਨੇ ਲਗਾਤਾਰ ਵਿਰੋਧ ਕੀਤਾ। ਮਾਪਿਆਂ ਨੇ ਸਕੂਲਾਂ ਦੇ ਬਾਹਰ ਲਗਾਤਾਰ ਵਿਰੋਧ – ਪ੍ਰਦਰਸ਼ਨ ਕੀਤਾ। ਮਾਪਿਆਂ ਦੇ ਵਿਰੋਧ ਪ੍ਰਦਰਸ਼ਨ ਅੱਗੇ ਝੁਕ ਕੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ 100 ਤੋਂ ਵੱਧ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਦੀ ਪਿਛਲੇ ਸਾਲ ਦੀ ਪੂਰੀ ਫੀਸ ਅਤੇ ਮੌਜੂਦਾ ਸਾਲ ਦੇ ਸਾਲਾਨਾ ਫੰਡ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸਕੂਲਾਂ ਨੇ ਮਾਪਿਆਂ ਦੀ ਜਥੇਬੰਦੀ ਨਾਲ ਰਲ ਕੇ ਨਵੀਂ ਜਥੇਬੰਦੀ ‘ਭਾਈ ਲਾਲੋ ਸਕੂਲ ਤੇ ਮਾਪੇ ਐਸੋਸੀਏਸ਼ਨ’ ਬਣਾਈ ਹੈ, ਜਿਸ ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ। ਜਕੇਰ ਕਰੋਨਾ ਕਾਰਨ ਪੰਜਾਬ ਵਿੱਚ ਮੁੜ ਤੋਂ ਲਾਕਡਾਊਨ ਲੱਗਦਾ ਹੈ ਤਾਂ ਇਹ ਸਕੂਲ ਮਹੀਨੇ ਦੀ ਫੀਸ ਵਿੱਚ 25 ਫੀਸਦ ਕਟੌਤੀ ਕਰਨਗੇ। ਸਕੂਲਾਂ ਵੱਲੋਂ ਇਸ ਫੈਸਲੇ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਭੇਜ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸੂਬੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ 9,000 ਅਤੇ ਸੀਬੀਐੱਸਈ ਨਾਲ ਸਬੰਧਤ 1,600 ਸਕੂਲ ਹਨ। ਇਨ੍ਹਾਂ ਸਕੂਲਾਂ ’ਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲ ਹੀ ਮਾਪਿਆਂ ਦੀ ਜਥੇਬੰਦੀ ਨਾਲ ਜੁੜੇ ਹਨ, ਜਿਨ੍ਹਾਂ ਨੇ ਫੀਸਾਂ ਮੁਆਫ ਕਰਨ ’ਤੇ ਸਹਿਮਤੀ ਦਿੱਤੀ ਹੈ। ਇਨ੍ਹਾਂ ਵਿੱਚ ਬਠਿੰਡਾ ਦੇ 20, ਅੰਮ੍ਰਿਤਸਰ ਦੇ 20, ਜਲੰਧਰ ਦੇ 40 ਤੇ ਫਗਵਾੜਾ ਦੇ 25 ਸਕੂਲ ਸ਼ਾਮਲ ਹਨ।

ਚੰਡੀਗੜ੍ਹ ਵਿੱਚ ਐਡਵੋਕੇਟ ਆਰ.ਐੱਸ ਬੈਂਸ, ਸਤਨਾਮ ਸਿੰਘ ਦਾਊਂ ਅਤੇ ਹਰਨੇਕ ਸਿੰਘ ਜੋਸਨ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਮੋਹਰੀ ਸਕੂਲਾਂ ਵੱਲੋਂ ਮਾਪਿਆਂ ਦੇ ਬੱਚਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਪਰ ਕੁੱਝ ਸਕੂਲਾਂ ਦੇ ਫੀਸ ਮੁਆਫ ਕਰਨ ਦੇ ਐਲਾਨ ਨਾਲ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ। ਦਾਊਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਹੋਰ ਜ਼ਿਲ੍ਹਿਆਂ ਦੇ ਸਕੂਲਾਂ ਦੇ ਸੰਪਰਕ ਵਿੱਚ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਸਕੂਲ ਵੀ ਜੁੜ ਕੇ ਫੀਸ ਮੁਆਫ ਕਰਨ ਦਾ ਐਲਾਨ ਕਰਨਗੇ।

ਭਾਈ ਲਾਲੋ ਜਥੇਬੰਦੀ ਨੇ ਕੈਪਟਨ ਨੂੰ ਪਿਛਲੇ ਸਾਲ ਦੀ ਫੀਸ ਮੁਆਫੀ ਦੇ ਫੈਸਲੇ ਦੀ ਕਾਪੀ ਭੇਜ ਦਿੱਤੀ ਹੈ। ਉਨ੍ਹਾਂ ਪੱਤਰ ਭੇਜਦਿਆਂ ਕੈਪਟਨ ਨੂੰ ਕਿਹਾ ਕਿ ਸੂਬੇ ਦੇ ਨਿੱਜੀ ਸਕੂਲ ਪ੍ਰਬੰਧਕਾਂ ਅਤੇ ਗਰੀਬ ਮਾਪਿਆਂ ਵਿੱਚ ਫੀਸਾਂ ਦੇ ਮਾਮਲੇ ਕਾਰਨ ਕੁੜੱਤਣ ਵੱਧ ਗਈ ਹੈ, ਜਿਸ ਨੂੰ ਖ਼ਤਮ ਕਰਨ ਲਈ ਕੁੱਝ ਸਕੂਲਾਂ ਤੇ ਮਾਪਿਆਂ ਨੇ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕੈਪਟਨ ਤੋਂ ਸਕੂਲਾਂ ਦੀਆਂ ਫੀਸਾਂ ਮੁਆਫ ਕਰਨ ਸਮੇਤ ਸਕੂਲ ਬੱਸਾਂ ਦੇ ਰੋਡ ਟੈਕਸ, ਪਰਮਿਟ, ਬਿਲਡਿੰਗ ਸੇਫਟੀ, ਫਾਇਰ ਸੇਫਟੀ ਅਤੇ ਪ੍ਰਾਪਰਟੀ ਟੈਕਸ ਆਦਿ ਵਿੱਚ ਛੋਟ ਦੇਣ ਦੀ ਵੀ ਮੰਗ ਕੀਤੀ।