Punjab

ਪੰਜਾਬ ਦੇ ਸਕੂਲਾਂ ਵਿੱਚ ਮੁੜ ਤੋਂ ਵਧਾਈਆਂ ਗਈਆਂ ਛੁੱਟੀਆਂ ! ਹੁਣ ਇਸ ਦਿਨ ਤੋਂ ਖੁੱਲਣਗੇ ਸਕੂਲ

ਬਿਊਰੋ ਰਿਪੋਰਟ : 14 ਜ਼ਿਲ੍ਹਿਆਂ ਵਿੱਚ ਹੜ੍ਹ ਦੇ ਹਾਲਤਾਂ ਨੂੰ ਵੇਖ ਦੇ ਹੋਏ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਛੁੱਟਿਆਂ ਵਧਾਉਣ ਦਾ ਫੈਸਲਾ ਲਿਆ ਹੈ । ਪਹਿਲਾਂ 13 ਜੁਲਾਈ ਤੱਕ ਸਕੂਲ ਬੰਦ ਸੀ ਪਰ ਹੁਣ ਇਸ ਨੂੰ ਵਧਾਕੇ 16 ਜੁਲਾਈ ਤੱਕ ਕਰ ਦਿੱਤਾ ਗਿਆ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਦੀ ਜਾਣਕਾਰ ਦਿੰਦੇ ਹੋਏ ਲਿਖਿਆ ‘ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ। 17 ਜੁਲਾਈ (ਸੋਮਵਾਰ) ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ।

 

ਇਸ ਦੌਰਾਨ ਸਿਰਫ਼ ਵਿਦਿਆਰਥੀਆਂ ਦੀ ਛੁੱਟੀਆਂ ਹੀ ਨਹੀਂ ਹੋਣਗੀਆਂ ਅਧਿਆਪਕ ਅਤੇ ਹੋਰ ਸਟਾਫ ਵੀ ਛੁੱਟੀ ‘ਤੇ ਰਹੇਗਾ । ਪੰਜਾਬ ਵਿੱਚ ਭਾਵੇ 2 ਦਿਨਾਂ ਤੋਂ ਮੀਂਹ ਨਹੀਂ ਪਿਆ ਹੈ ਪਰ ਤਰਨਤਾਰਨ, ਫਿਰੋਜ਼ਪੁਰ,ਫਾਜ਼ਿਲਕਾ,ਸੰਗਰੂਰ,ਜਲੰਧਰ,ਸ਼ਾਹਕੋਟ ਅਜਿਹੇ ਇਲਾਕੇ ਹਨ ਜਿੱਥੇ ਬੰਨ੍ਹਾਂ ਤੋਂ ਪਾਣੀ ਛੱਡਣ ਦੀ ਵਜ੍ਹਾ ਕਰਕੇ 5 ਤੋਂ 6 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ । ਰਾਹਤ ਦੀ ਗੱਲ ਇਹ ਹੈ ਕਿ ਭਾਖੜਾ ਨੰਗਲ ਨੇ ਅਗਲੇ ਤਿੰਨ ਦਿਨ ਤੱਕ ਪਾਣੀ ਨਾ ਛੱਡਣ ਦਾ ਐਲਾਨ ਕੀਤਾ ਹੈ। ਉਧਰ ਮੌਸਮ ਵਿਭਾਗ ਦੇ ਮੁਤਾਬਿਕ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ । ਜਿਸ ਨਾਲ ਰਾਹਤ ਕਾਰਜਾਂ ਦੀ ਰਫਤਾਰ ਵਿੱਚ ਕਮੀ ਦਰਜ ਕੀਤੀ ਜਾ ਸਕਦੀ ਹੈ ।

ਉਧਰ ਹਲਕਾ ਲਹਿਰਾ ਦੇ ਖਨੌਰੀ ਅਤੇ ਮਨੂਕ ਇਲਾਕੇ ਵਿੱਚ ਗੁਜ਼ਰਨ ਵਾਲੀ ਘੱਗਰ ਦਰਿਆ ਵਿੱਚ ਤਿੰਨ ਥਾਵਾਂ ਮੰਡਵੀ,ਫੂਲਦ ਅਤੇ ਮਕੋਰੜ ਸਾਹਿਬ ਵਿੱਚ ਦਰਾਰ ਪੈ ਗਈ ਹੈ ਜਿਸ ਨਾਲ ਪਿੰਡਾਂ ਦੇ ਅੰਦਰ ਪਾਣੀ ਭਰ ਗਿਆ ਹੈ । ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਇਲਾਕੇ ਦਾ ਦੌਰਾ ਕਰਨ ਜਾ ਰਹੇ ਹਨ । ਸ਼ੁੱਕਰਵਾਰ ਨੂੰ ਉਹ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵੀ ਦੌਰਾਨ ਕਰਨਗੇ ।

ਉਧਰ ਸੰਗਰੂਰ ਦੇ ਹਾਲਾਤਾਂ ਨੂੰ ਵੇਖ ਤੋਂ ਬਾਅਦ ਸੰਗਰੂਰ-ਦਿੱਲੀ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਲੁਧਿਆਣਾ ਹਿਸਾਰ ਹਾਈਵੇਅ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ।