Punjab

ਪੰਜਾਬ ਦੇ ਸਕੂਲ ਬਿਜਲੀ ਬੋਰਡ ਦੇ ਕਰੋੜਾਂ ਦੇ ਕਰਜ਼ਾਈ

‘ਦ ਖ਼ਾਲਸ ਬਿਊਰੋ : ਪੰਜਾਬ ਰਾਜ ਬਿਜਲੀ ਬੋਰਡ ਦਾ ਸੂਬੇ ਦੇ ਸਕੂਲਾਂ ਵੱਲ ਬਿਜਲੀ ਦੇ ਬਿੱਲਾਂ ਦਾ 8 ਕਰੋੜ 71 ਲੱਖ 91 ਹਜ਼ਾਰ 828 ਰੁਪਏ ਬਕਾਇਆ ਖੜ੍ਹਾ ਹੈ। ਇਹ ਬਕਾਇਆ ਪੰਜਾਬ ਦੇ ਸਕੂਲਾਂ ਵਿੱਚ 10363  ਬਿਜਲੀ ਕੁਨੈਕਸ਼ਨਾਂ ਦਾ ਖੜ੍ਹਾ ਹੈ ਜੋ ਕਿ ਸਕੂਲਾਂ ਵੱਲੋਂ ਸਮੇਂ ਸਿਰ ਜਮਾਂ ਨਹੀਂ ਕੀਤਾ ਗਿਆ ਸੀ। ਇਸ ਸਬੰਧੀ ਹੁਣ ਸਿੱਖਿਆ ਵਿਭਾਗ ਹਰਕਤ ਵਿੱਚ ਆਇਆ ਹੈ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਬਕਾਏ ਕਲੀਅਰ ਕਰਨ ਦੇ ਹੁਕਮ ਦਿੱਤੇ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਬਿਜਲੀ ਬਿੱਲਾਂ ਦੇ ਬਕਾਇਆ ਦੀ ਖੜ੍ਹੀ ਰਕਮ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ। ਇਸ ਬਕਾਏ ਦੀ ਸਕੂਲ ਵਾਈਜ਼ ਲਿਸਟ ਪੀਐਸਪੀਸੀਐਲ ਪਟਿਆਲਾ ਤੋਂ ਮੰਗਵਾਈ ਗਈ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਬਕਾਇਆ ਜਮ੍ਹਾਂ ਕਰਵਾਉਣ ਤੋਂ ਬਾਅਦ ਬਕਾਏ ਸਬੰਧੀ ਸਾਰੀ ਰਿਪੋਰਟ ਵਿੱਤ ਵਿਭਾਗ ਨੂੰ ਭੇਜੀ ਜਾਵੇ।

ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਫੁੱਟਕਲ ਖਰਚੇ ਕਰਨ ਲਈ ਦਿੱਤੀ ਜਾਣ ਵਾਲੀ ਰਕਮ ਕਈ ਸਾਲਾਂ ਤੋਂ ਜਾਰੀ ਨਹੀਂ ਹੋਈ ਅਤੇ ਅਧਿਆਪਕ ਉਧਾਰ ਮੰਗ ਕੇ ਜਾਂ ਦਾਨੀਆਂ ਮੂਹਰੇ ਹੱਥ ਅੱਡ ਕੇ ਕੰਮ ਚਲਾ ਰਹੇ ਹਨ। ਕਈ ਸਾਰੇ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਵੀ ਪੈਸਾ ਖਰਚ ਕਰ ਰਹੇ ਹਨ। ਪੰਜਾਬ ਦੇ ਸਕੂਲਾਂ ਤੋਂ ਬਿਨ੍ਹਾਂ ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਇਸ ਤੋਂ ਵੱਖਰੀ ਨਹੀਂ ਹੈ।