‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਸੂਬੇ ਵਿੱਚ ਕਰੋਨਾ ਵੈਕਸੀਨ ਅਤੇ ਆਕਸੀਜਨ ਸਿਲੰਡਰਾਂ ਦੀ ਕਿੱਲਤ ਆ ਗਈ ਹੈ ਪਰ ਫਿਰ ਵੀ ਪੰਜਾਬ ਨੇ ਦਰਿਆਦਿਲੀ ਦਿਖਾ ਕੇ ਹਰਿਆਣਾ ਦੇ 250 ਮਰੀਜ਼ਾਂ ਨੂੰ ਆਕਸੀਜਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ।
ਪੰਜਾਬ ਸਰਕਾਰ ਨੇ ਹਰਿਆਣਾ ਦੇ ਕਰੀਬ 250 ਕਰੋਨਾ ਮਰੀਜ਼ਾਂ ਨੂੰ ਕੁੱਝ ਘੰਟਿਆਂ ਲਈ ਉਧਾਰ ’ਚ ਆਕਸੀਜਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਪੰਜਾਬ ਸਰਕਾਰ ਨੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਨੂੰ ਉਧਾਰ ’ਚ ਕੁੱਝ ਘੰਟਿਆਂ ਲਈ ਆਕਸੀਜਨ ਦੀ ਸਪਲਾਈ ਦਿੱਤੀ, ਜਿਸ ਨਾਲ ਕਰੀਬ 250 ਕੋਵਿਡ ਮਰੀਜ਼ਾਂ ਦੀ ਜਾਨ ਬਚ ਗਈ।
ਕੀ ਹੈ ਘਟਨਾ ?
ਪੰਜਾਬੀ ਟ੍ਰਿਬਿਊਨ ਦੀ ਜਾਣਕਾਰੀ ਮੁਤਾਬਕ ਬੀਤੀ ਰਾਤ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਕਰੀਬ 11 ਵਜੇ ਸਿਰਫ ਤਿੰਨ ਘੰਟੇ ਦੀ ਆਕਸੀਜਨ ਰਹਿ ਗਈ ਸੀ, ਜਿਸ ਕਰਕੇ ਹਰਿਆਣਾ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹਰਿਆਣਾ ਸਰਕਾਰ ਨੇ ਉਦੋਂ ਹੀ ਪੰਜਾਬ ਸਰਕਾਰ ਨਾਲ ਤਾਲਮੇਲ ਕੀਤਾ ਅਤੇ ਕੁੱਝ ਘੰਟਿਆਂ ਲਈ ਆਕਸੀਜਨ ਉਧਾਰੀ ਮੰਗੀ। ਪੰਜਾਬ ਸਰਕਾਰ ਨੇ ਖੁੱਲਦਿਲੀ ਦਿਖਾਉਂਦਿਆਂ ਪਟਿਆਲਾ ਤੋਂ ਆਕਸੀਜਨ ਦਾ ਪ੍ਰਬੰਧ ਕਰ ਕੇ ਪੰਚਕੂਲਾ ਹਸਪਤਾਲ ਨੂੰ ਦਿੱਤੀ।