The Khalas Tv Blog Punjab ਪਹਿਲੀ ਵਾਰ ਪੱਟੀ ਤੋਂ ਸ਼ਿਮਲਾ ਲਈ ਸ਼ੁਰੂ ਹੋਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ , ਜਾਣੋ ਬੱਸ ਦਾ ਰੂਟ, ਸਮਾਂ ਅਤੇ ਕਿਰਾਏ ਦੀ ਜਾਣਕਾਰੀ
Punjab

ਪਹਿਲੀ ਵਾਰ ਪੱਟੀ ਤੋਂ ਸ਼ਿਮਲਾ ਲਈ ਸ਼ੁਰੂ ਹੋਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ , ਜਾਣੋ ਬੱਸ ਦਾ ਰੂਟ, ਸਮਾਂ ਅਤੇ ਕਿਰਾਏ ਦੀ ਜਾਣਕਾਰੀ

Punjab Roadways bus service started from Patti to Shimla for the first time, know bus route, timing and fare information

‘ਦ ਖ਼ਾਲਸ ਬਿਊਰੋ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੱਟੀ ਅਤੇ ਸ਼ਿਮਲਾ ਵਿਚਕਾਰ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਪੱਟੀ ਤੋਂ ਸ਼ਿਮਲਾ ਤੱਕ ਸ਼ੁਰੂ ਕੀਤੀ ਗਈ ਹੈ।ਪੱਟੀ ਬੱਸ ਸਟੈਂਡ ਤੋਂ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦੂਜੇ ਸੂਬਿਆਂ ਲਈ ਬੱਸਾਂ ਚਲਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਪੰਜਾਬ ਰੋਡਵੇਜ਼/ਪਨਬੱਸ ਬੱਸ ਪੱਟੀ ਬੱਸ ਸਟੈਂਡ ਤੋਂ ਸਵੇਰੇ 10.20 ਵਜੇ ਰਵਾਨਾ ਹੋਵੇਗੀ ਅਤੇ ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ਹੁੰਦੀ ਹੋਈ ਰਾਤ 10.30 ਵਜੇ ਸ਼ਿਮਲਾ ਪਹੁੰਚੇਗੀ। ਇਸੇ ਤਰ੍ਹਾਂ ਅਗਲੇ ਦਿਨ ਇਹ ਸਵੇਰੇ 7.10 ਵਜੇ ਸ਼ਿਮਲਾ ਤੋਂ ਰਵਾਨਾ ਹੋਵੇਗੀ ਅਤੇ ਉਸੇ ਰੂਟ ਰਾਹੀਂ ਵਾਪਸੀ ਅਤੇ ਸ਼ਾਮ ਕਰੀਬ 7.30 ਵਜੇ ਪੱਟੀ ਪਹੁੰਚੇਗੀ। ਬੱਸ ਦਾ ਇੱਕ ਪਾਸੇ ਦਾ ਕਿਰਾਇਆ 585 ਰੁਪਏ ਤੈਅ ਕੀਤਾ ਗਿਆ ਹੈ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਨੇ ਪਿਛਲੇ ਵਿੱਤੀ ਸਾਲ ਦੌਰਾਨ ਕਮਾਈ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਹੈ।ਵਿੱਤੀ ਸਾਲ 2022-23 ਦੌਰਾਨ, ਪੰਜਾਬ ਰੋਡਵੇਜ਼/ਪਨਬਸ ਨੇ 700.88 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿ ਵਿੱਤੀ ਸਾਲ 2021-22 ਦੌਰਾਨ 547.08 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 153.80 ਕਰੋੜ ਰੁਪਏ ਦਾ ਇਹ ਵਾਧਾ 28.11 ਫੀਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਦੀ ਕਮਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਗਲੇ ਦਿਨਾਂ ਦੌਰਾਨ ਹੋਰ ਸ਼ਹਿਰਾਂ ਤੋਂ ਵੀ ਬੱਸਾਂ ਚਲਾਈਆਂ ਜਾਣਗੀਆਂ।


ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਦੀ ਮੰਗ ਅਨੁਸਾਰ ਲੋੜੀਂਦੀਆਂ ਥਾਵਾਂ ਤੋਂ ਬੱਸਾਂ ਚਲਾਉਣ ਨੂੰ ਪਹਿਲ ਦੇਣ ਤਾਂ ਜੋ ਲੋਕਾਂ ਨੂੰ ਸਸਤੀ ਅਤੇ ਸਸਤੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਸਕੇ।

ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਟਰਾਂਸਪੋਰਟ ਵਿਭਾਗ ਤਰੱਕੀ ਦੀ ਰਾਹ ‘ਤੇ ਹੈ ਅਤੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰ ਕੇ ਵਿਭਾਗ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ ਮਾਫੀਆ ਦੀ ਕਮਰ ਤੋੜਦਿਆਂ ਮਾਨਯੋਗ ਸਰਕਾਰ ਨੇ ਪੰਜਾਬ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਤਿੰਨ ਗੁਣਾ ਘੱਟ ਕਿਰਾਏ ‘ਤੇ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿੱਲੀ ਹਵਾਈ ਅੱਡੇ ਲਈ 25 ਦੇ ਕਰੀਬ ਬੱਸਾਂ ਚੱਲ ਰਹੀਆਂ ਹਨ।

 

Exit mobile version