Punjab

ਪੰਜਾਬ ਦੀ ਪਰਾਲੀ ਨੇ ਹਵਾ ਨੂੰ ਕੀਤਾ ਜ਼ਹਿਰੀਲਾ,ਖੱਟਰ ਦੇ ਇਲਜ਼ਾਮ ‘ਤੇ ਪੰਜਾਬ ਦਾ ਤਗੜਾ ਜਵਾਬ

Haryana cm manohar khattar blame punjab for parali

ਚੰਡੀਗੜ੍ਹ : ਦਿੱਲੀ NCR ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ । ਪੰਜਾਬ ਵਿੱਚ ਆਪਣੀ ਸਰਕਾਰ ਬਣਨ ਤੋਂ ਬਾਅਦ ਇਸ ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੁੱਪ ਹਨ । ਪਰ ਹਰਿਆਣਾ ਦੇ ਕਈ ਸ਼ਹਿਰ NCR ਦਾ ਹਿੱਸਾ ਹੋਣ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਮਾਨ ਸਰਕਾਰ ਨੂੰ ਘੇਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 2021 ਵਿੱਚ ਇਸੇ ਸਮੇਂ ਤੱਕ ਹਰਿਆਣਾ ਵਿੱਚ 2,561 ਪਰਾਲੀ ਸਾੜਨ ਦੇ ਮਾਮਲੇ ਆਏ ਸਨ ਜਦਕਿ ਇਸ ਵਾਰ ਇਹ ਘੱਟ ਕੇ 1,925 ਰਹਿ ਗਏ ਹਨ। ਇਸ ਦੇ ਮੁਕਾਬਲੇ ਪੰਜਾਬ ਵਿੱਚ 13,873 ਥਾਵਾਂ ‘ਤੇ ਪਰਾਲੀ ਸਾੜੀ ਗਈ ਹੈ । ਖੱਟਰ ਨੇ ਕਿਹਾ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਸਿਰਫ਼ 10 ਫੀਸਦੀ ਹੀ ਮਾਮਲੇ ਆਏ ਹਨ । ਉਧਰ ਪੰਜਾਬ ਵੱਲੋਂ ਵੀ ਖੱਟਰ ਦੇ ਇੰਨਾਂ ਇਲਜ਼ਾਮਾਂ ਦਾ ਜਵਾਬ ਆਇਆ ਹੈ ।

ਮੀਤ ਹੇਅਰ ਨੇ ਦਿੱਤਾ ਜਵਾਬ

ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਖੱਟਰ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਹਿਮਾਚਲ ਅਤੇ ਹਰਿਆਣਾ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪੰਜਾਬ ਤੋਂ ਅੱਗੇ ਹੈ। ਉਨ੍ਹਾਂ ਕਿਹਾ ਅੰਕੜਿਆਂ ਮੁਤਾਬਿਕ ਇਸ ਵਾਰ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਗਿਣਤੀ ਵਿੱਚ ਹੀ ਪਰਾਲੀ ਸਾੜੀ ਗਈ ਹੈ । ਇਸ ਦੀ ਗਵਾਈ ਏਅਰ ਕੁਆਲਿਟੀ ਇਨਡੈਕਸ (AQI)ਦੇ ਨਤੀਜੇ ਭਰ ਰਹੇ ਹਨ। ਹਾਲਾਂਕਿ ਮੀਤ ਹੇਅਰ ਦੇ ਇੰਨਾਂ ਦਾਅਵਿਆਂ ਦੀ ਪੋਲ ਸੋਮਵਾਰ ਨੂੰ ਮੁੱਖ ਸਕੱਤਰ ਵੱਲੋਂ ਲਈ ਗਈ ਮੀਟਿੰਗ ਨੇ ਹੀ ਖੋਲ ਦਿੱਤੀ ਹੈ। ਮੁੱਖ ਸਕੱਤਰ ਨੇ ਪਰਾਲੀ ਸਾੜਨ ਦੇ ਮਾਮਲੇ ਵਿੱਚ ਆਏ ਰਿਕਾਰਡ ਉਛਾਲ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਸਨ। ਮੁੱਖ ਸਕੱਤਰ ਨੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਦੇ ਲਈ ਜ਼ਿੰਮੇਵਾਰੀ ਫਿਕਸ ਕਰਨ ਦੇ ਨਿਰਦੇਸ਼ ਦਿੰਦੇ ਕਿਹਾ ਸੀ ਕਿ ਪਿੰਡ ਦਾ ਨੰਬਰਦਾਰ ਇਸ ਦੇ ਲਈ ਜ਼ਿੰਮੇਵਾਰ ਹੋਵੇਗਾ,ਜੇਕਰ ਉਸ ਦੇ ਇਲਾਕੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਆਉਂਦੇ ਹਨ। ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੇ ਮਾਮਲੇ ਵਿੱਚ 4 ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਸੀ ।

ਪਰਾਲੀ ਖਰੀਦਣ ਦੇ ਲਈ 5 ਮੈਂਬਰੀ ਕਮੇਟੀ

ਹਰਿਆਣਾ ਸਰਕਾਰ ਨੇ ਪਰਾਲੀ ਨੂੰ ਖਰੀਦਣ ਦੇ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਸੂਬਾ ਸਰਕਾਰ ਨੇ ਫੈਸਲਾ ਕੀਤਾ ਸੀ ਕਮੇਟੀ ਤੈਅ ਕਰੇਗੀ ਕਿ ਕਿਵੇਂ MSP ‘ਤੇ ਪਰਾਲੀ ਖਰੀਦੀ ਜਾ ਸਕਦੀ ਹੈ। ਇਸ ਕਮੇਟੀ ਦਾ ਚੇਅਰਮੈਨ ਖੇਤੀ ਵਿਭਾਗ ਦੇ ਡਾਇਰੈਕਟ ਨੂੰ ਲਗਾਇਆ ਗਿਆ ਸੀ । ਇਸ ਤੋਂ ਇਲਾਵਾ ਖੱਟਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਪਰਾਲੀ ਨਾਲ ਅਧਾਰਿਕ ਇੱਕ ਨਵੀਂ ਸਨਅਤ ਲਗਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਨਰਾਇਣਗੜ੍ਹ,ਸ਼ਾਹਬਾਦ ਦੀਆਂ ਚੀਨੀ ਮਿਲਾਂ ਸਮੇਤ 24 ਸਨਅਤਾਂ ਪਰਾਲੀ ਦੇ ਨਿਪਟਾਰੇ ਲਈ ਸਹਿਮਤੀ ਦੇ ਚੁੱਕਿਆਂ ਹਨ।