ਬਿਉਰੋ ਰਿਪੋਰਟ: ਪਰਾਲੀ ਸਾੜਨ (STUBBLE BURNING) ਨੂੰ ਲੈ ਕੇ ਪੰਜਾਬ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਇਸ ਸਾਲ ਹੁਣ ਤੱਕ 50 ਫੀਸਦੀ ਘੱਟ ਪਰਾਲੀ ਸੜੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (PUNJAB REMOTE SENSING CENTER) ਦੇ ਅੰਕੜਿਆਂ ਮੁਤਾਬਿਕ 15 ਸਤੰਬਰ ਤੋਂ 27 ਅਕਤੂਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 1995 ਘਟਨਾਵਾਂ ਸਾਹਮਣੇ ਆਈਆਂ ਜਦਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਗਿਣਤੀ 4,059 ਸੀ। ਹਾਲਾਂਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਸ ਦਾ ਅਸਰ ਵੇਖਣ ਨੂੰ ਨਹੀ ਮਿਲਿਆ ਹੈ, ਇੱਥੇ ਹੁਣ ਵੀ ਪ੍ਰਦੂਸ਼ਣ ਦੀ ਮਾਤਕਾ ਕਾਫੀ ਜ਼ਿਆਦਾ ਹੈ।
2022 ਦੀ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ 75 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। 2 ਸਾਲ ਪਹਿਲਾਂ ਇਸ ਕਾਰਜਕਾਲ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 8147 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਅਕਤੂਬਰ ਅਤੇ ਨਵੰਬਰ ’ਚ ਝੋਨੇ ਦੀ ਵਾਢੀ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਨਾਲ ਲਗਦੇ ਸੂਬਿਆਂ ’ਚ ਪਰਾਲੀ ਸਾੜਨ ਨਾਲ ਦਿੱਲੀ ’ਚ ਪ੍ਰਦੂਸ਼ਣ ਵਧਦਾ ਹੈ।
27 ਅਕਤੂਬਰ 2024 ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 138 ਘਟਨਾਵਾਂ ਸਾਹਮਣੇ ਆਈਆਂ। ਸਭ ਤੋਂ ਜ਼ਿਆਦਾ ਫਿਰੋਜ਼ਪੁਰ ਅਤੇ ਫਿਰ ਸੰਗਰੂਰ ਅਤੇ ਫਤਿਹਗੜ੍ਹ ਦਾ ਨੰਬਰ ਹੈ। ਸੂਬੇ ’ਚ 2022 ਅਤੇ 2023 ’ਚ ਇੱਕ ਹੀ ਦਿਨ ਪਰਾਲੀ ਸਾੜਨ ਦੀਆਂ ਲੜੀਵਾਰ 1111 ਅਤੇ 766 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਪੰਜਾਬ ਘੱਟ ਪਰਾਲੀ ਸੜੀ ਹੈ ਇਸ ਦੇ ਬਾਵਜੂਦ ਦਿੱਲੀ ਦੇ AQI 355 ਦਰਜ ਕੀਤਾ ਗਿਆ, ਜੋਕਿ ਬਹੁਤ ਹੀ ਮਾੜਾ ਹੈ। ਸ਼ਨੀਵਾਰ ਨੂੰ ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਦਾਅਵਾ ਕੀਤਾ ਸੀ ਕਿ ਇਸ ਵਾਰ ਪੰਜਾਬ, ਹਰਿਆਣਾ ਵਿੱਚ ਪਰਾਲੀ ਸੜਨ ਦੀ ਘਟਨਾਵਾਂ ਘੱਟ ਹੋਈਆਂ ਹਨ।