ਬਿਊਰੋ ਰਿਪੋਰਟ (ਮੁਹਾਲੀ, 8 ਅਪ੍ਰੈਲ 2026): ਪੰਜਾਬ ਨਿਵੇਸ਼ ਪ੍ਰੋਤਸਾਹਨ ਬਿਊਰੋ ਦੇ ਮੁੱਖ ਕਾਰਜਕਾਰੀ ਅਫ਼ਸਰ (CEO) ਸ੍ਰੀ ਅਮਿਤ ਢਾਕਾ ਨੇ ਅੱਜ ਮੁਹਾਲੀ ਵਿਖੇ ਇੱਕ ਅਹਿਮ ਖ਼ੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਨੇ ਸਾਲ 2025-26 ਦੌਰਾਨ 60,000 ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਨਿਵੇਸ਼ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇਸ਼ ਦਾ ਸਭ ਤੋਂ ਪਸੰਦੀਦਾ ਨਿਵੇਸ਼ ਕੇਂਦਰ ਬਣ ਕੇ ਉਭਰਿਆ ਹੈ ਅਤੇ ਅਗਲੇ ਸਾਲ ਲਈ ਨਿਵੇਸ਼ ਦਾ ਟੀਚਾ ਵਧਾ ਕੇ 75,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਨਵੀਂ ਉਦਯੋਗਿਕ ਪਾਰਕ ਪਾਲਿਸੀ
ਢਾਕਾ ਨੇ ਦੱਸਿਆ ਕਿ ਸਰਕਾਰ ਜਲਦ ਹੀ ਨਵੀਂ ‘ਇੰਡਸਟਰੀਅਲ ਪਾਰਕ ਪਾਲਿਸੀ’ ਲਾਗੂ ਕਰੇਗੀ, ਜਿਸ ਤਹਿਤ ਰਿਅਲ ਐਸਟੇਟ ਡਿਵੈਲਪਰਾਂ ਦੀ ਸਾਂਝ ਨਾਲ ਘੱਟੋ-ਘੱਟ 25 ਏਕੜ ਦੇ ਉਦਯੋਗਿਕ ਪਾਰਕ ਵਿਕਸਿਤ ਕੀਤੇ ਜਾਣਗੇ। ਵਾਤਾਵਰਣ ਦੀ ਸੰਭਾਲ ਲਈ ਜ਼ੀਰੋ ਲਿਕਵਿਡ ਡਿਸਚਾਰਜ ਅਪਣਾਉਣ ਵਾਲੀਆਂ ਇਕਾਈਆਂ ਨੂੰ 10 ਕਰੋੜ ਰੁਪਏ ਅਤੇ ਪਰਾਲੀ ਆਧਾਰਿਤ ਬਾਇਲਰ ਪਲਾਂਟ ਲਗਾਉਣ ਵਾਲਿਆਂ ਨੂੰ 7.5 ਕਰੋੜ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।
ਸਰਕਾਰ ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ 85% ਬਿਜਲੀ ਹਰੇ ਊਰਜਾ (Green Energy) ਸਰੋਤਾਂ ਤੋਂ ਪ੍ਰਾਪਤ ਕਰਨਾ ਹੈ। ਕਾਰੋਬਾਰ ਨੂੰ ਸੌਖਾ ਬਣਾਉਣ ਲਈ ‘ਪੰਜਾਬ ਫਾਸਟ ਟਰੈਕ ਪੋਰਟਲ’ ਅਤੇ ‘ਰਾਈਟ ਟੂ ਬਿਜ਼ਨਸ ਐਕਟ’ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਨਵੀਂ ਨੀਤੀ ਅਤੇ ਨਿਵੇਸ਼ਕ ਸੰਮੇਲਨ 2026 ਦੀ ਸ਼ਲਾਘਾ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸੀ.ਏ. ਗਮਾਡਾ ਸਾਕਸ਼ੀ ਸਾਹਨੀ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।

