ਸਾਲ 2020 ਤੋਂ 2024 ਦੌਰਾਨ ਉੱਤਰੀ ਭਾਰਤ ਵਿੱਚ ਸੜਕਾਂ ਵਿੱਚ ਪਏ ਟੋਇਆਂ (ਗੱਡੇ) ਕਾਰਨ ਹੋਏ ਹਾਦਸਿਆਂ ਨੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਸ ਅਵਧੀ ਵਿੱਚ ਉੱਤਰੀ ਭਾਰਤ (ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ, ਦਿੱਲੀ, ਲੱਦਾਖ ਅਤੇ ਜੰਮੂ-ਕਸ਼ਮੀਰ) ਵਿੱਚ ਟੋਇਆਂ ਕਾਰਨ 1,556 ਹਾਦਸੇ ਵਾਪਰੇ, ਜਿਨ੍ਹਾਂ ਵਿੱਚੋਂ ਲਗਪਗ 48 ਫੀਸਦੀ ਜਾਨਲੇਵਾ ਸਾਬਤ ਹੋਏ। ਇਨ੍ਹਾਂ ਹਾਦਸਿਆਂ ਵਿੱਚ ਕੁੱਲ 743 ਲੋਕਾਂ ਦੀ ਮੌਤ ਹੋਈ ਅਤੇ 438 ਗੰਭੀਰ ਜ਼ਖਮੀ ਹੋਏ।
ਪੰਜਾਬ ਇਸ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ 414 ਮੌਤਾਂ ਦਰਜ ਹੋਈਆਂ। ਹਰਿਆਣਾ ਵਿੱਚ 255, ਦਿੱਲੀ ਵਿੱਚ 50, ਹਿਮਾਚਲ ਪ੍ਰਦੇਸ਼ ਵਿੱਚ 19, ਲੱਦਾਖ ਵਿੱਚ 3 ਅਤੇ ਉੱਤਰਾਖੰਡ ਵਿੱਚ 2 ਮੌਤਾਂ ਹੋਈਆਂ। ਚੰਡੀਗੜ੍ਹ ਵਿੱਚ 2022 ਵਿੱਚ ਟੋਏ ਕਾਰਨ ਸਿਰਫ਼ ਇੱਕ ਜਾਨਲੇਵਾ ਹਾਦਸਾ ਹੀ ਦਰਜ ਹੋਇਆ।ਦੇਸ਼ ਭਰ ਵਿੱਚ ਇਸੇ ਅਵਧੀ ਵਿੱਚ ਟੋਇਆਂ ਨਾਲ ਜੁੜੇ 23,056 ਹਾਦਸੇ ਵਾਪਰੇ, ਜਿਨ੍ਹਾਂ ਵਿੱਚ 9,438 ਲੋਕਾਂ ਨੇ ਜਾਨ ਗਵਾਈ।
ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ 10,000 ਤੋਂ ਵੱਧ ਹਾਦਸਿਆਂ ਵਿੱਚ 5,127 ਮੌਤਾਂ ਹੋਈਆਂ।ਮੰਤਰੀ ਨੇ ਇਹ ਵੀ ਦੱਸਿਆ ਕਿ ਸਾਲ 2023 ਵਿੱਚ ਦੇਸ਼ ਭਰ ਵਿੱਚ ਕੁੱਲ ਸੜਕ ਹਾਦਸਿਆਂ ਵਿੱਚ 1,72,890 ਅਤੇ 2024 ਵਿੱਚ 1,77,177 ਜਾਨਾਂ ਗਈਆਂ। ਸਰਕਾਰ ਸੜਕ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਲਈ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਵੱਖ-ਵੱਖ ਉਪਾਅ ਕੀਤੇ ਜਾ ਰਹੇ ਹਨ।
ਸਰਕਾਰ ਨੇ ਸਿੱਖਿਆ, ਇੰਜੀਨੀਅਰਿੰਗ, ਲਾਗੂਕਰਨ ਅਤੇ ਐਮਰਜੈਂਸੀ ਦੇਖਭਾਲ (4Es) ‘ਤੇ ਅਧਾਰਤ ਬਹੁ-ਪੱਖੀ ਸੜਕ ਸੁਰੱਖਿਆ ਰਣਨੀਤੀ ਤਿਆਰ ਕੀਤੀ ਹੈ। ਮੌਜੂਦਾ ਰਾਸ਼ਟਰੀ ਰਾਜਮਾਰਗਾਂ ਦੀ ਸਾਂਭ-ਸੰਭਾਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਜਵਾਬਦੇਹ ਏਜੰਸੀਆਂ ਰਾਹੀਂ ਮੁਰੰਮਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਾਲ 2025 ਵਿੱਚ ਟੋਇਆਂ ਵਾਲੇ ਹਿੱਸਿਆਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ 7,071 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਅੰਕੜੇ ਸੜਕਾਂ ਦੀ ਮਾੜੀ ਹਾਲਤ ਨੂੰ ਠੀਕ ਕਰਨ ਦੀ ਲੋੜ ਨੂੰ ਉਜਾਗਰ ਕਰਦੇ ਹਨ।

