ਬਿਉਰੋ ਰਿਪੋਰਟ : 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸਤ ਦਾ ਸੈਮੀਫਾਈਨਲ ਰਾਊਂਡ ਹੋਣ ਜਾ ਰਿਹਾ ਹੈ । ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਕਰ ਦਿੱਤਾ ਹੈ ਅਤੇ ਜਲਦ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਗਰਾਮ ਪੰਚਾਇਤ ਅਤੇ ਪੰਚਾਇਤ ਸਮਿਤੀਆਂ ਦੀਆਂ ਨੂੰ ਭੰਗ ਕਰ ਦਿੱਤਾ ਹੈ । ਇਸ ਦਾ ਨੋਟਿਫਿਕੇਸ਼ਨ ਵੀ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ । ਨੋਟਿਫਿਕੇਸ਼ ਮੁਤਾਬਿਕ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ 25 ਨਵੰਬਰ 2023 ਤੋਂ ਪਹਿਲਾਂ ਹੋ ਸਕਦੀਆਂ ਹਨ ਜਦਕਿ ਗਰਾਮ ਪੰਚਾਇਤਾਂ ਦੀਆਂ ਚੋਣਾਂ 31 ਦਸੰਬਰ 2023 ਤੋਂ ਪਹਿਲਾਂ ਕਰਵਾਇਆ ਜਾਣਗੀਆਂ। ਸਰਕਾਰ ਨੇ ਨੋਟਿਫਿਕੇਸ਼ ਜਾਰੀ ਕਰਕੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਪਿੰਡਾਂ ਦੇ ਵਿਕਾਸ ਕੰਮਾਂ ‘ਤੇ ਨਜ਼ਰ ਰੱਖਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ । ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਪੰਜਾਬ ਪੰਚਾਇਤ ਰਾਜ ਐਕਟ 1994 ਅਧੀਨ ਲਿਆ ਗਿਆ ਹੈ ।
ਪੰਜਾਬ ਵਿੱਚ 13241 ਗਰਾਮ ਪੰਚਾਇਤਾਂ, 153 ਬਲਾਕ ਸਮਿਤੀਆਂ, 23 ਜ਼ਿਲ੍ਹਾ ਪਰਿਸ਼ਦ । ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ‘ਤੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ । ਪੇਂਡੂ ਪੱਧਰ ‘ਤੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਲੋਕਰਾਜ ਦੀ ਸਭ ਤੋਂ ਹੇਠਲਾਂ ਅਤੇ ਮਜ਼ਬੂਤ ਨੀਂਹ ਹੁੰਦਾ ਜਿਸ ਦੇ ਜ਼ਰੀਏ ਅਖੀਰਲੇ ਵਿਅਕਤੀ ਤੱਕ ਸਹੂਲਤਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ । ਪੰਜਾਬ ਵਿੱਚ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਮਾਨ ਸਰਕਾਰ ਨੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਦਾ ਐਲਾਨ ਕਰਕੇ ਵੱਡਾ ਦਾਅ ਖੇਡਿਆ ਹੈ ।
ਹਾਲਾਂਕਿ ਮੰਨਿਆ ਜਾਂਦਾ ਹੈ ਕਿ ਸਥਾਨਕ ਚੋਣਾਂ ਦਾ ਫਾਇਦਾ ਸੱਤਾਧਾਰੀ ਪਾਰਟੀ ਨੂੰ ਹੁੰਦਾ ਹੈ । ਪਰ ਪੰਜਾਬ ਵਿੱਚ ਜਿਸ ਤਰ੍ਹਾਂ ਦੇ ਸਿਆਸੀ ਹਲਾਤ ਹਨ ਮੁਕਾਬਲਾ ਗਹਿਗੱਚ ਹੋਵੇਗਾ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ । ਸੱਤਾਧਾਰੀ ਆਮ ਆਦਮੀ ਪਾਰਟੀ ਪਹਿਲੀ ਵਾਰ ਪੂਰੇ ਦਮਖਮ ਨਾਲ ਪੰਚਾਇਤੀ ਚੋਣਾਂ ਵਿੱਚ ਉਤਰੇਗੀ। ਉਨ੍ਹਾਂ ਦੇ ਲਈ ਇਹ ਵੱਡਾ ਟੈਸਟ ਹੋਵੇਗਾ ਪੌਨੇ 2 ਸਾਲ ਦੇ ਵਿੱਚ ਕੀਤੇ ਗਏ ਕੰਮਾਂ ਦਾ । ਇਸ ਤੋਂ ਇਲਾਵਾ ਪੰਚਾਇਤੀ ਅਤੇ ਹੋਰ ਸਥਾਨਕ ਚੋਣਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਲਈ ਪਿੰਡਾਂ ਵਿੱਚ ਆਪਣੀਆਂ ਸਿਆਸੀ ਜੜਾ ਫੈਲਾਉਣ ਦਾ ਮੌਕਾ ਹੋਵੇਗਾ । ਜੇਕਰ ਇਸ ਵਿੱਚ ਆਮ ਆਦਮੀ ਪਾਰਟੀ ਸਫਲ ਹੁੰਦੀ ਹੈ ਤਾਂ ਅਗਲੇ ਸਾਲ ਹੋਣ ਵਾਲੀ ਲੋਕਸਭਾ ਚੋਣਾਂ ਵਿੱਚ ਉਹ ਪੂਰੇ ਜੋਸ਼ ਨਾਲ ਉਤਰ ਸਕਦੀਆਂ ਹਨ । ਪਰ ਜੇਕਰ ਪਾਰਟੀ ਨੂੰ ਚੋਣਾਂ ਵਿੱਚ ਨਾਮੋਸ਼ੀ ਹੱਥ ਲੱਗੀ ਤਾਂ ਦਾਅ ਉਲਟਾ ਵੀ ਪੈ ਸਕਦਾ ਹੈ ।
ਕਾਂਗਰਸ ਅਤੇ ਅਕਾਲੀ ਦਲ ਦੇ ਲਈ ਸਥਾਨਕ ਚੋਣਾ ਵੱਡਾ ਮੌਕਾ ਹੈ ਵਾਪਸੀ ਕਰਨ ਦਾ । ਦੋਵੇ ਹੀ ਪਾਰਟੀਆਂ ਦੀ ਜੜਾ ਪਿੰਡਾਂ ਵਿੱਚ ਕਾਫੀ ਮਜ਼ਬੂਤ ਮੰਨਿਆ ਜਾਂਦੀਆਂ ਹਨ ਖਾਸ ਕਰਕੇ ਅਕਾਲੀ ਦਲ ਜਿਸ ਨੂੰ ਪੇਂਡੂ ਪਾਰਟੀ ਦਾ ਟੈਗ ਮਿਲਿਆ ਹੋਇਆ ਹੈ । ਜੇਕਰ ਅਕਾਲੀ ਦਲ ਪੰਚਾਇਤਾਂ,ਜ਼ਿਲ੍ਹਾ ਪਰਿਸ਼ਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਵਾਪਸੀ ਕਰਦੀ ਹੈ ਤਾਂ ਲੋਕਸਭਾ ਚੋਣਾਂ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਹੌਸਲਾ ਵਧੇਗਾ ਅਤੇ ਉਹ ਜੋਸ਼ ਨਾਲ ਮੈਦਾਨ ਵਿੱਚ ਉਤਰ ਸਕਦੇ ਹਨ । ਇਸੇ ਤਰ੍ਹਾਂ ਕਾਂਗਰਸ ਲਈ ਵੀ ਚੰਗਾ ਮੌਕਾ ਹੈ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਆਪਣੀ ਕਾਬਲੀਅਤ ਸਿੱਧ ਕਰਨ ਦਾ । ਜੇਕਰ ਕਾਂਗਰਸ ਪੰਚਾਇਤੀ ਚੋਣਾਂ ਵਿੱਚ ਚੰਗਾ ਕਰਦੀ ਹੈ ਤਾਂ ਉਹ ਲੋਕਸਭਾ ਚੋਣਾਂ ਵਿੱਚ ਮਜ਼ਬੂਤੀ ਨਾਲ ਤਾਂ ਉਤਰ ਸਕੇਗੀ ਪਰ ਨਾਲ ਹੀ ਸੂਬੇ ਵਿੱਚ ਵੀ ਉਹ ਮਾਨ ਸਰਕਾਰ ਨੂੰ ਕਰੜੀ ਚੁਣੌਤੀ ਦੇ ਸਕੇਗੀ ।
ਬੀਜੇਪੀ ਨੂੰ ਹੁਣ ਤੱਕ ਸ਼ਹਿਰੀ ਪਾਰਟੀ ਦਾ ਦਰਜਾ ਸੀ, ਪਰ ਸੁਨੀਲ ਜਾਖੜ ਦੀ ਅਗਵਾਈ ਵਿੱਚ ਪਾਰਟੀ ਜਿਸ ਤਰ੍ਹਾਂ ਨਾਲ ਪੇਂਡੂ ਖੇਤਰ ਵਿੱਚ ਆਪਣੇ ਦਮ ‘ਤੇ ਖੜੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਪੰਚਾਇਤੀ,ਜ਼ਿਲ੍ਹਾ ਪਰਿਸ਼ਦ,ਪੰਚਾਇਤ ਸਮਿਤੀਆਂ ਦੀਆਂ ਚੋਣਾਂ ਬੀਜੇਪੀ ਲਈ ਵੱਡਾ ਟੈਸਟ ਹੋਵੇਗਾ। ਜੇਕਰ ਬੀਜੇਪੀ ਚੋਣਾਂ ਨਹੀਂ ਵੀ ਜਿੱਤ ਪਾਉਂਦੀ ਪਰ ਵੋਟ ਸ਼ੇਅਰ ਵਿੱਚ ਚੰਗਾ ਕਰਦੀ ਹੈ ਤਾਂ ਇਹ ਵੀ ਬੀਜੇਪੀ ਲਈ ਕਿਸੇ ਜਿੱਤ ਤੋਂ ਘੱਟ ਨਹੀਂ ਹੋਵੇਗਾ ।
ਸੌ ਕੁੱਲ ਮਿਲਾਕੇ ਪੰਜਾਬ ਦੀਆਂ ਸਥਾਨਕ ਚੋਣਾਂ ਹਰ ਪਾਰਟੀ ਦਾ ਸਥਾਨ ਯਾਨੀ ਥਾਂ ਤੈਅ ਕਰੇਗੀ ਕਿ ਉਹ ਕਿੰਨੇ ਪਾਣੀ ਵਿੱਚ ਹੈ । ਚੋਣਾਂ ਤੈਅ ਕਰਨਗੀਆਂ ਆਪ ਪੌਨੇ 2 ਸਾਲ ਵਿੱਚ ਜਨਤਾ ਵਿੱਚ ਕਿੰਨੀ ਮਜ਼ਬੂਤ ਹੋਈ,ਅਕਾਲੀ ਦਲ ਅਤੇ ਕਾਂਗਰਸ ਦੇ ਸਾਹਮਣੇ ਵਾਪਸੀ ਦੇ ਨਾਲ ਪੇਂਡੂ ਖੇਤਰ ਆਪਣਾ ਸਾਖ ਨੂੰ ਬਚਾਉਣ ਦੀ ਚੁਣੌਤੀ ਹੋਵੇਗੀ । ਬੀਜੇਪੀ ਲਈ ਇਹ ਚੋਣਾਂ ਤੈਅ ਕਰਨਗੀਆਂ ਪੇਂਡੂ ਖੇਤਰ ਵਿੱਚ ਪਾਰਟੀ ਕਿੱਥੇ ਸਟੈਂਡ ਕਰਦੀ ਹੈ । ਇਸੇ ਦੇ ਅਧਾਰ ‘ਤੇ ਹੀ ਬੀਜੇਪੀ ਦੀ ਭਵਿੱਖ ਦੀ ਸਿਆਸੀ ਰਣਨੀਤੀ ਵੀ ਤੈਅ ਹੋਵੇਗੀ ।