Punjab

ਪੰਜਾਬ ਦੇ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ’ਚ ਕਿਵੇਂ ਹੋਵੇਗਾ ਸੁਧਾਰ? ‘298 ਅਧਿਆਪਕਾਂ ਨੂੰ ਅੰਗਰੇਜ਼ੀ ਦਾ ਲੈਕਚਰਾਰ ਬਣਾਇਆ ਜਿਨ੍ਹਾਂ ਨੇ ਕਦੇ ਅੰਗਰੇਜ਼ੀ ਨਹੀਂ ਪੜ੍ਹਾਈ’

ਬਿਉਰੋ ਰਿਪੋਰਟ – ਅਧਿਆਪਕਾਂ (Teachers) ਨੂੰ ਤਰੱਕੀ (PROMOTION) ਦੇਣ ਦੇ ਪੰਜਾਬ ਸਿੱਖਿਆ ਵਿਭਾਗ (PUNJAB EDUCTION DEPARTMENT) ਦੇ ਇੱਕ ਫੈਸਲੇ ਨੇ ਸਵਾਲ ਖੜੇ ਕਰ ਦਿੱਤੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (BIKRAM SINGH MAJITHIYA) ਨੇ ਇਸ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (HARJOT SINGH BAINS) ਨੂੰ ਘੇਰਿਆ ਹੈ। ਦਰਅਸਲ ਅੰਗਰੇਜ਼ੀ ਦੇ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਲਈ ਸਿੱਖਿਆ ਵਿਭਾਗ ਨੇ ਵੱਖ-ਵੱਖ ਵਿਸ਼ੇ ਦੇ 301 ਅਧਿਆਪਕਾਂ ਨੂੰ ਮਾਸਟਰ ਕੈਡਰ (MASTER CADRE) ਤੋਂ ਅੰਗਰੇਜ਼ੀ ਦਾ ਲੈਕਚਰਾਰ (ENGLISH LECTURER) ਬਣਾਇਆ ਹੈ। ਸਿੱਖਿਆ ਵਿਭਾਗ ਦੇ ਇਸ ਫੈਸਲੇ ’ਤੇ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੇ ਵੀ ਇਤਰਾਜ਼ ਜਤਾਇਆ ਹੈ ਅਤੇ ਅੰਗਰੇਜ਼ੀ ਦੇ ਅਧਿਆਪਕਾਂ ਨੇ ਵੀ ਵਿਰੋਧ ਕੀਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਸਿੱਖਿਆ ਵਿਭਾਗ ਦੇ ਇਸ ਫੈਸਲੇ ’ਤੇ ਮਾਨ ਸਰਕਰ ਨੂੰ ਘੇਰ ਦੇ ਹੋਏ ਲਿਖਿਆ, “ਲਓ ਜੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਖਾਸਮ ਖਾਸ ਮੰਤਰੀ ਹਰਜੋਤ ਬੈਂਸ ਦੇ ਵਿਭਾਗ ਦਾ ਇਕ ਹੋਰ ਕਾਰਾ ਵੇਖੋ। 301 ਅਧਿਆਪਕਾਂ ਨੂੰ ਤਰੱਕੀ ਦੇ ਕੇ ਅੰਗਰੇਜ਼ੀ ਦੇ ਲੈਕਚਰਾਰ ਬਣਾਇਆ, 301 ਵਿਚੋਂ 298 ਨੇ ਕਦੇ ਅੰਗਰੇਜ਼ੀ ਪੜ੍ਹਾਈ ਹੀ ਨਹੀਂ। ਹੁਣ ਤਰੱਕੀ ਲੈਣ ਵਾਲਿਆਂ ਨੇ ਕੀਤਾ ਅਦਾਲਤ ਦਾ ਰੁਖ਼। ਕਿਹਾ ਜਦੋਂ ਅੰਗਰੇਜ਼ੀ ਕਦੇ ਪੜ੍ਹਾਈ ਨਹੀਂ ਤਾਂ ਕਿਵੇਂ ਬਣੀਏ ਅੰਗਰੇਜ਼ੀ ਲੈਕਚਰਾਰ, ਨਹੀਂ ਰੀਸਾਂ ਜੀ ‘ਬਦਲਾਅ’ ਵਾਲਿਓ ਤੁਹਾਡੀਆਂ। ਇਹੀ ‘ਬਦਲਾਵ’ ਤੁਸੀਂ ਪੰਜਾਬ ਦਾ ਕਰ ਦਿੱਤਾ ਹੈ। ਮੌਜੂਦਾ ਦੌਰ ਵਿਚ ਸਰਕਾਰ ਦਾ ਭੱਠਾ ਤਾਂ ਬਿਠਾਇਆ ਹੀ ਬਿਠਾਇਆ। ਭਵਿੱਖ ਦੀਆਂ ਪੀੜੀਆਂ ਦਾ ਭਵਿੱਖ ਵੀ ਰੋਲ ਕੇ ਰੱਖਣਾ ਪੱਕਾ ਕਰ ਰਹੇ ਹੋ। ਬਖਸ਼ ਦਿਉ ਪੰਜਾਬ ਨੂੰ ਸਿੱਧਾ ਮੰਨ ਲਓ, ਸਾਡੇ ਤੋਂ ਨਹੀਂ ਚੱਲਦੀ ਸਰਕਾਰ। ਪੰਜਾਬ ਦਾ ਖਹਿੜਾ ਛੱਡੋ, ਪੰਜਾਬੀਆਂ ’ਤੇ ਤਰਸ ਕਰੋ।”

ਸਿੱਖਿਆ ਵਿਭਾਗ ਨੇ ਜਿਨ੍ਹਾਂ 301 ਅਧਿਆਪਕਾਂ ਨੂੰ ਹੋਰ ਵਿਸ਼ਿਆਂ ਤੋਂ ਪ੍ਰਮੋਟ ਕਰਕੇ ਅੰਗਰੇਜ਼ੀ ਦਾ ਲੈਕਚਰਾਰ ਬਣਾਇਆ ਹੈ ਉਨ੍ਹਾਂ ਵਿੱਚ ਸਿਰਫ 3 ਹੀ ਮਾਸਟਰ ਕੈਡਰ 6ਵੀਂ ਤੋਂ 10 ਕਲਾਸ ਤੱਕ ਅੰਗਰੇਜ਼ੀ ਵਿਸ਼ਾ ਪੜਾਉਂਦੇ ਸਨ ਜਦਕਿ 127 ਵਿਗਿਆਨ, 102 ਸਮਾਜਿਕ ਵਿਗਿਆਨ, 41 ਹਿਸਾਬ, 16 ਹਿੰਦੀ, 7 ਪੰਜਾਬੀ, 4 ਖੇਤੀਬਾੜੀ, 3 ਅੰਗਰੇਜ਼ੀ ਅਤੇ 3 ਫਿਜ਼ੀਕਲ ਐਜੂਕੇਸ਼ਨ ਪੜ੍ਹਾਉਂਦੇ ਸਨ।

ਸਿੱਖਿਆ ਵਿਭਾਗ ਦਾ ਤਰਕ

ਸਿੱਖਿਆ ਵਿਭਾਗ ਦਾ ਤਰਕ ਹੈ ਕਿ ਨਿਯਮਾਂ ਦੇ ਮੁਤਾਬਿਕ ਹੀ ਪ੍ਰਮੋਸ਼ਨ ਦਿੱਤਾ ਗਿਆ ਹੈ। ਜਿਨ੍ਹਾਂ ਅਧਿਆਪਕਾਂ ਨੂੰ ਅੰਗਰੇਜ਼ੀ ਦੇ ਲੈਕਚਰਾਰ ਪ੍ਰਮੋਟ ਕੀਤਾ ਗਿਆ ਹੈ ਉਨ੍ਹਾਂ ਨੇ ਆਪਣੀ ਵਿਦਿਅਕ ਯੋਗਤਾ ਵਿੱਚ MA ਦੱਸੀ ਹੋਈ ਹੈ। ਉਨ੍ਹਾਂ ਦੀ ਡਿਗਰੀਆਂ ਨੂੰ ਯੂਨੀਵਰਸਿਟੀਆਂ ਤੋਂ ਵੀ ਵੈਰੀਫਾਈ ਕਰਵਾਇਆ ਗਿਆ ਹੈ। ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਅਧਿਆਪਕਾਂ ਨੇ ਮੰਨੀਆਂ-ਪਰਮੰਨੀਆਂ ਯੂਨੀਵਰਸਿਟੀਆਂ ਤੋਂ ਅੰਗਰੇਜ਼ੀ ਵਿੱਚ MA ਕੀਤੀ ਹੈ ਉਨ੍ਹਾਂ ਨੂੰ ਅੰਗਰੇਜ਼ੀ ਵਿਸ਼ੇ ਲਈ ਪ੍ਰਮੋਟ ਕੀਤਾ ਗਿਆ ਹੈ।

ਪੰਜਾਬ ਵਿੱਚ ਅੰਗਰੇਜ਼ੀ ਦੇ ਵਿਸ਼ੇ ਦੀ ਅਧਿਆਪਕਾਂ ਦੀ ਕਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2015 10ਵੀਂ ਕਲਾਸ ਦੇ 80 ਹਜ਼ਾਰ ਵਿਦਿਆਰਥੀਆਂ ਦੇ ਨਤੀਜੇ ਚੰਗੇ ਨਹੀਂ ਰਹੇ ਸਨ ਜਦਕਿ 2019 ਵਿੱਚ ਇਹ ਵੱਧ ਕੇ 89 ਹਜ਼ਾਰ ਹੋ ਗਿਆ ਸੀ। ਪੰਜਾਬ ਵਿੱਚ ਸਮਾਜਿਕ ਵਿਗਿਆਨ ਦੇ ਅਧਿਆਪਕ ਨੂੰ ਹੀ ਅੰਗਰੇਜ਼ੀ ਪੜਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਰਹੀ ਹੈ। ਸਿਰਫ 2007-2008 ਵਿੱਚ 1 ਹਜ਼ਾਰ ਅੰਗਰੇਜ਼ੀ ਦੇ ਮਾਸਟਰ ਕੈਡਰ ਦੇ ਅਧਿਆਪਕਾਂ ਦੀਆਂ ਪੋਸਟਾਂ ਕੱਢਿਆ ਗਈਆਂ ਸਨ ਜਿੰਨਾਂ ਵਿੱਚੋਂ 800 ਭਰੀਆਂ ਗਈਆਂ। ਹੁਣ ਵੀ ਅੰਗਰੇਜ਼ੀ ਦੇ ਅਧਿਆਪਕ ਦੇ ਪ੍ਰਮੋਸ਼ਨ ਨੂੰ ਲੈ ਕੇ ਕੋਈ ਪਾਲਿਸੀ ਨਹੀਂ ਹੈ। ਅੰਗਰੇਜ਼ੀ ਦੇ ਅਧਿਆਪਕ ਹੁਣ ਵੀ ਪ੍ਰਮੋਸ਼ਨ ਦੀ ਉਠੀਕ ਕਰ ਰਹੇ ਹਨ ਜਦਕਿ ਦੂਜੇ ਵਿਸ਼ੇ ਦੇ ਅਧਿਆਪਕਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ।

ਜਿਨ੍ਹਾਂ ਦੂਜੇ ਵਿਸ਼ੇ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਲਈ ਪ੍ਰਮੋਟ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਵੇਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਸਕਦੇ ਹਨ। ਮੁਹਾਲੀ ਦੀ ਇੱਕ ਅਧਿਆਪਕ ਦਾ ਕਹਿਣਾ ਹੈ ਕਿ ਅੰਗਰੇਜ਼ੀ ਅਜਿਹਾ ਵਿਸ਼ੇ ਹੈ ਜਿਸ ਨੂੰ ਤੁਸੀਂ ਸਮੇਂ ਦੇ ਨਾਲ ਮੁਹਾਰਤ ਹਾਸਲ ਕਰ ਸਕਦੇ ਹੋ ਸਿਰਫ਼ ਡਿਗਰੀ ਨਾਲ ਕੁਝ ਨਹੀਂ ਹੁੰਦਾ ਹੈ।