‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੰਕਟ ਦੇ ਬਾਵਜੂਦ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲਾਂ ਦੀ ਨਿਸਬਤ ਬਿਜਲੀ ਦੀ ਮੰਗ ਜ਼ਿਆਦਾ ਹੈ ਅਤੇ ਬਾਵਜੂਦ ਇਹਦੇ ਕੱਟ ਨਹੀਂ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਅੰਕੜਿਆਂ ਨਾਲ ਆਪਣੀ ਗੱਲ ਦੱਸਦਿਆਂ ਕਿਹਾ ਕਿ 2021 ਨਾਲੋਂ ਮਾਰਚ 2022 ਵਿੱਚ ਬਿਜਲੀ ਦੀ ਮੰਗ 14 ਫ਼ੀਸਦੀ ਵੱਧ ਰਹੀ। ਅਪ੍ਰੈਲ ਵਿੱਚ ਇਹ ਮੰਗ ਵੱਧ ਕੇ 46 ਫ਼ੀਸਦੀ ਨੂੰ ਅਤੇ ਮਈ ਵਿੱਚ 60 ਫ਼ੀਸਦੀ ਨੂੰ ਪਾਰ ਕਰ ਗਈ ਸੀ। ਉਨ੍ਹਾਂ ਨੇ ਕਿਹਾ ਕਿ 10 ਹਜ਼ਾਰ 900 ਮੈਗਾਵਾਟ ਦੀ ਸਿਖਰ ਸਪਲਾਈ ਵੇਲੇ ਵੀ ਸਰਕਾਰ ਬਿਜਲੀ ਦੀ ਨਿਰੰਤਰ ਸਪਲਾਈ ਪੂਰੀ ਕਰਦੀ ਰਹੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਵੇਲੇ ਰੋਪੜ ਅਤੇ ਬਠਿੰਡਾ ਦੇ ਥਰਮਲ ਪਲਾਂਟ ਬੰਦ ਰੱਖੇ ਗਏ ਅਤੇ ਪਛਵਾੜਾ ਕੋਲੇ ਦੀ ਖਾਣ ਦੀ ਮੰਗ ਰੱਖੀ ਗਈ ਸੀ ਜਿਸ ਤੋਂ ਕਿ ਸਰਕਾਰ 475 ਮੈਗਾਵਾਟ ਬਿਜਲੀ ਪ੍ਰਾਪਤ ਕਰਨ ਦੀ ਉਮੀਦ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਜਲੀ ਸਪਲਾਈ ਨੂੰ ਲੈ ਕੇ ਕੇਂਦਰ ਨਾਲ ਸੰਪਰਕ ਵਿੱਚ ਵੀ ਹਨ ਅਤੇ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਹਨ।